May 22, 2024

ਮੋਗਾ ‘ਚ 7 ਸ਼ੱਕੀ ਮਰੀਜ਼ਾਂ ਨੂੰ ਕੀਤਾ ਆਈਸੋਲੇਟ 12 ਇਕਾਂਤਵਾਸ

1 min read

ਮੋਗਾ 18 ਅਪ੍ਰੈਲ  ਜਗਰਾਜ ਲੋਹਾਰਾ

ਕਰੋਨਾ ਪਾਜ਼ਿਟਿਵ ਲੁਧਿਆਣਾ ਦੇ ਏ.ਸੀ ਪੀ. ਅਨਿਲ ਕੋਹਲੀ ਦੇ ਡਰਾਈਵਰ ਪ੍ਰਭਜੋਤ ਸਿੰਘ ਫਿਰੋਜ਼ਪੁਰ ਦੇ ਵੀ ਕਰੋਨਾ ਪਾਜ਼ਿਟਿਵ ਆ ਜਾਣ ਨਾਲ ਨਾ ਸਿਰਫ਼ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਚੌਕੰਨਾ ਹੋਣਾ ਪਿਆ ਹੈ ਬਲਕਿ  ਇਸ ਪੁਲਿਸ ਕਰਮਚਾਰੀ ਵੱਲੋਂ ਪਿਛਲੇ ਦਿਨੀਂ ਮੋਗਾ ਅਤੇ ਹੋਰਨਾਂ ਇਲਾਕਿਆਂ ਵਿਚ ਆਪਣੇ ਜਾਣਕਾਰਾਂ ਨਾਲ ਕੀਤੀਆਂ ਮੁਲਾਕਾਤਾਂ ਕਾਰਨ ਹੋਰ ਪਰਿਵਾਰ ਵੀ ਸਿਹਤ ਵਿਭਾਗ ਦੀ ਜਾਂਚ ਦੇ ਘੇਰੇ ਵਿਚ ਆ ਗਏ ਹਨ ਜਿਸ ਕਾਰਨ ਗੰਨਮੈਨ ਦੇ ਨਾਨਕੇ  ਮੋਗਾ ਦੇ ਪਿੰਡ ਰਾਮੂਵਲਾ ਵਿਖੇ ਨਾਨਕੇ ਪਰਿਵਾਰ ਦੇ 7 ਵਿਅਕਤੀ ਮੋਗਾ ਹਸਪਤਾਲ ‘ਚ ਜਾਂਚ ਉਪਰੰਤ ਆਈਸੋਲੇਟ ਕੀਤੇ ਗਏ ਹਨ। ਜਦਕਿ ਉਸੇ ਪਿੰਡ ਦੇ 12 ਵਿਅਕਤੀ ਪਿੰਡ ਵਿਚ ਹੀ ਕੀਤੇ ਇਕਾਂਤਵਾਸ ਕੀਤੇ ਗਏ ਹਨ । ਕੋਵਿਡ 19 ਦੇ ਨੋਡਲ ਅਫਸਰ ਡਾ: ਨਰੇਸ਼ ਕੁਮਾਰ ਨੇ ਦੱਸਿਆ ਕਿ ਇਹਨਾ ਵਿਅਕਤੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਏ ਸੀ ਪੀ ਦੇ ਕਰੋਨਾ ਪਾਜ਼ਿਟਿਵ ਆਉਣ ਉਪਰੰਤ ਉਹਨਾਂ ਨਾਲ ਨਿਯੁਕਤ ਸਟਾਫ਼ ਨੂੰ ਆਪੋ ਆਪਣੇ ਘਰੀਂ ਇਕਾਂਤਵਾਸ ਹੋਣ ਲਈ ਕਿਹਾ ਸੀ ਪਰ ਡਰਾਈਵਰ ਪ੍ਰਭਜੋਤ ਇਹਨਾਂ ਦਿਨਾਂ ਦੌਰਾਨ ਵੱਖ ਵੱਖ ਥਾਵਾਂ ’ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰੀ ਘੁੰਮਦਾ ਰਿਹਾ ਜਿਸ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਪ੍ਰਭਜੋਤ ਸਿੰਘ ਦੀ ਅੱਜ ਤੋਂ ਦੋ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਨਵਾਂ ਵਿਖੇ ਸਥਿਤ ਆਪਣੇ ਸਹੁਰੇ ਘਰ ਪਾਈ ਫੇਰੀ ਨੇ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਵੀ ਸਰਗਰਮ ਕਰ ਦਿੱਤਾ ਹੈ।
ਸੀ.ਐਚ.ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ 16 ਅਪ੍ਰੈਲ ਨੂੰ ਇਕਾਂਤਵਾਸ ਵਿੱਚ ਭੇਜੇ ਗਏ ਹੋਣ ਦੇ ਬਾਵਜੂਦ ਵਾੜਾ ਭਾਈਕਾ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਨੇ ਆਪਣੇ ਨਾਨਕੇ ਪਰਿਵਾਰ ਵਿੱਚ ਫੇਰੀ ਲਗਾਈ ਸੀ। ਜਿਸ ਕਾਰਨ ਅੱਜ ਫਾਰਮੇਸੀ ਅਫ਼ਸਰ ਰਾਜ ਕੁਮਾਰ ਅਤੇ ਐਸ.ਆਈ. ਕੁਲਬੀਰ ਸਿੰਘ ਦੀ ਅਗਵਾਈ ਹੇਠ ਗਈ ਸਿਹਤ ਵਿਭਾਗ ਦੀ ਟੀਮ ਨੇ ਉਸਦੇ ਰਿਸ਼ਤੇਦਾਰ ਮਹਾਂ ਸਿੰਘ ਸਮੇਤ 7 ਪਰਿਵਾਰਿਕ ਮੈਂਬਰਾਂ ਨੂੰ ਅਗਲੀ ਜਾਂਚ ਲਈ ਮੋਗਾ ਵਿਖੇ ਭੇਜ ਦਿੱਤਾ ਹੈ। ਜਿਥੇ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ  ਜਦਕਿ ਉਕਤ ਘਰ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਸਮੇਤ ਅਜਿਹੇ ਹੋਰ 12 ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਹੈ, ਜਿੰਨ੍ਹਾਂ ਪ੍ਰਤੀ ਸ਼ੱਕ ਹੈ ਕਿ ਉਹ ਪ੍ਰਭਜੋਤ ਸਿੰਘ ਦੇ ਸੰਪਰਕ ਵਿੱਚ ਨਾ ਆਏ ਹੋਣ। ਉਹਨਾਂ ਦੱਸਿਆ ਕਿ ਇਕਾਂਤਵਾਸ ਵਿੱਚ ਭੇਜੇ ਵਿਅਕਤੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 14 ਦਿਨ ਤੱਕ ਕਿਸੇ ਦੇ ਸਿੱਧੇ ਸੰਪਰਕ ਵਿੱਚ ਨਾ ਆਉਣ। ਉਨ੍ਹਾਂ ਇਸ ਮੌਕੇ ਹੋਰ ਲੋਕਾਂ ਨੂੰ ਵੀ ਕਰੋਨਾ ਤੋਂ ਬਚਾਅ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਸੀ.ਐਚ.ਓ. ਰਮਨਦੀਪ ਕੌਰ, ਐਸ.ਐਚ.ਓ. ਕਸ਼ਮੀਰ ਸਿੰਘ, ਏ.ਐਨ.ਐਮ. ਕਿਰਨਦੀਪ ਕੌਰ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ ਲੁਧਿਆਣਾ ਦੇ ਏ ਸੀ ਪੀ ਦਾ ਡਰਾਈਵਰ ਹੈ ਅਤੇ ਰਾਮੂੰਵਾਲਾ ਪਿੰਡ ਵਿਚ ਉਸ ਦੇ ਨਾਨਕੇ ਹਨ ਜਦਕਿ ਜਵਾਹਰ ਸਿੰਘ ਵਾਲਾ ਪਿੰਡ ਵਿਖੇ ਉਸ ਦੇ ਸਹੁਰੇ ਹਨ ਇਸ ਲਈ ਦੋਨੋਂ ਪਿੰਡਾਂ ਵਿਚ ਪ੍ਰਸ਼ਾਸਨ ਵੱਲੋਂ ਕਾਰਵਾਈ ਆਰੰਭੀ ਗਈ ਹੈ। ਏ ਸੀ ਪੀ ਲੁਧਿਆਣਾ ਨਾਲ ਤੈਨਾਤ ਮਨਮੀਤ ਸਿੰਘ ਗੰਨਮੈਨ ਹੈ ਜੋ ਮੋਗਾ ਦੇ ਪਿੰਡ ਖੋਸਾ ਕੋਟਲਾ ਦਾ ਵਾਸੀ ਹੈ ਉਹ ਵੀ ਪ੍ਰਭਜੋਤ ਦੇ ਨਾਲ ਹੀ ਰਾਮੂੰਵਾਲਾ ਵਿਖੇ ਇਕ ਰਾਤ ਠਹਿਰਿਆ ਸੀ ।
ਮਨਮੀਤ ਦੇ ਭੇਜੇ ਗਏ ਸੈਂਪਲਾਂ ਵਿਚ ਉਸ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ ਜਦਕਿ ਪ੍ਰਭਜੋਤ ਫਿਰੋਜ਼ਪੁਰ ਵਿਖੇ ਕਰੋਨਾ ਪਾਜ਼ਿਟਿਵ ਹੋਣ ਕਰਕੇ ਜ਼ੇਰੇ ਇਲਾਜ ਹੈ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.