May 25, 2024

ਸ਼ਾਹ ਪਰਿਵਾਰ (ਯੂ ਐੱਸ ਏ) ਨੇ ਸ ਸ ਸ ਸਮਾਰਟ ਸਕੂਲ ਕਿਸ਼ਨਪੁਰਾ ਕਲਾਂ ਦੇ ਬਾਸਕਟਬਾਲ ਮੈਦਾਨ ਅਤੇ ਇਨਫ਼ਰਾਸਟ੍ਰਕਚਰ ਲਈ ਕੀਤਾ 1.50 ਲੱਖ ਦਾਨ

1 min read

ਕਿਸ਼ਨਪੁਰਾ ਕਲਾਂ, 18 ਮਾਰਚ  (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)- ਅਮਰੀਕਾ ਵੱਸਦੇ ਸ਼ਾਹ ਪਰਿਵਾਰ ਨੇ ਕਿਸ਼ਨਪੁਰਾ ਸਮਾਰਟ ਸਕੂਲ ਵਿੱਚ ਕਲਾ, ਖੇਡਾਂ ਅਤੇ ਪੜ੍ਹਾਈ ਦੇ ਵਿਕਾਸ ਲਈ ਸਕੂਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਕੈਲੀਫੋਰਨੀਆ ਵਾਸੀ ਬੀਬੀ ਬਲਵਿੰਦਰ ਕੌਰ ਸ਼ਾਹ ਨੇ ਯੂਐਸਏ ਤੋਂ ਭੇਜੇ ਇੱਕ ਸੰਦੇਸ਼ ਰਾਹੀਂ ਪ੍ਰਿੰਸੀਪਲ ਡਾ ਦਵਿੰਦਰ ਸਿੰਘ ਛੀਨਾ ਦੁਆਰਾ ਸਾਲ 2019 ਤੋਂ ਹੁਣ ਤੱਕ ਕੀਤੇ ਗਏ ਉਪਰਾਲਿਆਂ ਅਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਕਿ ਉਹਨਾਂ ਇਸ ਸਕੂਲ ਨੂੰ ਸਮਾਰਟ ਸਕੂਲ ਬਣਾਇਆ। ਸ.ਜਸਵੀਰ ਸਿੰਘ ਸ਼ਾਹ ਨੇ ਕਿਹਾ, “ਕਿਸ਼ਨਪੁਰਾ ਸਕੂਲ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੀਆਂ ਕੌਮਾਂਤਰੀ ਖੇਡਾਂ ਵਿੱਚ ਸਿਖਰ ‘ਤੇ ਲਿਆਉਣ ਦੀ ਇੱਛਾ ਰੱਖੀ ਹੈ ਅਤੇ ਨਾਲ ਹੀ ਇਸ ਸਮਾਰਟ ਸਕੂਲ ਵਿੱਚ ਸਿੱਖਿਆ ਨੂੰ ਵੱਧਦਾ ਵੇਖਣਾ ਚਾਹੁੰਦੇ ਹਨ।”

ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਨੇ ਸਕੂਲ ਦੇ ਸਹਿਯੋਗ ਅਤੇ ਸਕੂਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸ਼ਾਹ ਪਰਿਵਾਰ ਦਾ ਧੰਨਵਾਦ ਕੀਤਾ। ਡਾ. ਛੀਨਾ ਨੇ ਕਿਹਾ, “ਸ਼ਾਹ ਪਰਿਵਾਰ ਦੇ ਸਹਿਯੋਗ ਨਾਲ ਕਿਸ਼ਨਪੁਰਾ ਸਕੂਲ ਦੇ ਮੈਦਾਨ ਵਿਸ਼ਵ ਪੱਧਰੀ ਖੇਡ ਮੈਦਾਨ ਵਿੱਚ ਤਬਦੀਲ ਹੋਣਗੇ। ਕਿਸ਼ਨਪੁਰਾ ਪਿੰਡ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਕੋਲ ਸਪੋਰਟਿੰਗ ਸਮਰੱਥਾਵਾਂ ਹਨ ਅਤੇ ਉਹ ਪੰਜਾਬ ਰਾਜ ਦਾ ਨਾਮ ਰੌਸ਼ਨ ਕਰ ਸਕਦੇ ਹਨ। ਖੇਡ ਦੇ ਖੇਤਰ ਵਿੱਚ ਕਿਸ਼ਨਪੁਰਾ ਸਕੂਲ ਦੇ ਵਾਲੀਬਾਲ ਦਾ ਮੈਦਾਨ, ਫੁੱਟਬਾਲ ਦਾ ਮੈਦਾਨ, ਐਥਲੈਟਿਕ ਟ੍ਰੈਕ ਅਤੇ ਬੈਡਮਿੰਟਨ ਕੋਰਟ ਦਾ ਨਵੀਨੀਕਰਣ ਅਤੇ ਅਪਗ੍ਰੇਡੇਸ਼ਨ ਕੀਤਾ ਜਾਵੇਗਾ।”

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਸ੍ਰੀ ਰਾਜੀਵ ਕੁਮਾਰ, ਨੋਡਲ ਅਧਿਕਾਰੀ ਸ੍ਰੀ ਸੁਸ਼ੀਲ ਨਾਥ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਸ੍ਰੀ ਰਾਕੇਸ਼ ਮੱਕੜ ਨੇ ਵੀ ਸਕੂਲ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਯੋਗਦਾਨ ਪਾਉਣ ਲਈ ਸ਼ਾਹ ਪਰਿਵਾਰ (ਯੂ ਐੱਸ ਏ) ਦੀ ਪ੍ਰਸ਼ੰਸਾ ਕੀਤੀ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਸ਼ਾਹ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਵਿਭਾਗ ਸਰਕਾਰੀ ਸਕੂਲਾਂ ਲਈ ਐਨ ਆਰ ਆਈ ਭਾਈਚਾਰੇ ਦੀ ਭਰਪੂਰ ਪ੍ਰਸੰਸਾ ਕਰਦਾ ਹੈ ਅਤੇ ਪੰਜਾਬੀ ਪ੍ਰਵਾਸੀਆਂ ਨੂੰ ਸਰਕਾਰੀ ਸਕੂਲਾਂ ਦੇ ਖੇਡ ਮੈਦਾਨਾਂ ਨੂੰ ਬਿਹਤਰ ਬਣਾਉਣ ਲਈ ਹੋਰ ਵਧੇਰੇ ਪ੍ਰੇਰਿਤ ਕਰੇਗਾ। ਅਸੀਂ ਸਕੂਲੀ ਵਿਦਿਆਰਥੀਆਂ ਲਈ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਆਪਣੀ ਸਮੁੱਚੀ ਸ਼ਖਸੀਅਤ ਨੂੰ ਵਿਕਸਤ ਕਰਨ ਅਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰੱਕੀਆਂ ਕਰਨ।”

Leave a Reply

Your email address will not be published. Required fields are marked *

Copyright © All rights reserved. | Newsphere by AF themes.