ਡੀਟੀਐੱਫ਼ ਬਲਾਕ ਕਮੇਟੀ ਨਿਹਾਲ ਸਿੰਘ ਵਾਲਾ ਦੀ ਹੋਈ ਅਹਿਮ ਮੀਟਿੰਗ
ਨਿਹਾਲ ਸਿੰਘ ਵਾਲਾ 7 ਜੁਲਾਈ
( ਕੀਤਾ ਬਾਰੇਵਾਲਾ ਜਗਸੀਰ ਪੱਤੋ )
ਅੱਜ ਇੱਥੇ ਡੈਮੋਕਰੇਟਿਕ ਟੀਚਰਜ਼ ਫਰੰਟ ਬਲਾਕ ਇਕਾਈ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ ਦੀ ਅਗਵਾਈ ਵਿੱਚ ਬਲਾਕ ਕਮੇਟੀ ਮੀਟਿੰਗ ਹੋਈ। ਜ਼ਿਲ੍ਹਾ ਵਿੱਤ ਸਕੱਤਰ ਸੁਖਜੀਤ ਸਿੰਘ ਕੁੱਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਵਿੱਤੀ ਤੇ ਹੋਰ ਮਸਲਿਆਂ ਨੂੰ ਪੰਜਾਬ ਸਰਕਾਰ ਦੁਆਰਾ ਵਾਰ ਵਾਰ ਅਣਗੌਲਿਆ ਕਰਨ ਦੇ ਖਿਲਾਫ਼ 18 ਜੁਲਾਈ ਨੂੰ ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਦੇ ਝੰਡੇ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿਖੇ ਸੂਬਾਈ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਮੀਟਿੰਗ ਕਰਕੇ ਤਿਆਰੀਆਂ ਜ਼ੋਰਾਂ ਨਾਲ ਵਿੱਢ ਦਿੱਤੀਆਂ ਹਨ। ਜਿਸ ਤਹਿਤ ਅੱਜ ਮੀਟਿੰਗ ਵਿੱਚ ਪਹੁੰਚੀ ਡੀ.ਟੀ.ਐੱਫ਼. ਦੀ ਬਲਾਕ ਦੀ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁਲਾਜ਼ਮ ਮਾਰੂ ਚਿਹਰਾ ਨੰਗਾ ਕਰਨ ਲਈ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ । ਰੈਲੀ ਵਿੱੱਚ ਵੱਡੀ ਪੱਧਰ ‘ਤੇ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਸੰਪਰਕ ਮੁਹਿੰਮਾਂ, ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ। ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਨੇ ਦੱਸਿਆ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਡੀ.ਏ. ਦੇ ਕਰੋੜਾਂ ਰੁਪਏ ਜਿੱਥੇ ਖੂਹ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਪੇਅ-ਕਮਿਸ਼ਨ ਦੀ ਰਿਪੋਰਟ ‘ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ’ ਵਾਂਗ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਅਨੇਕਾਂ ਭੱਤੇ ਕੱਟ ਕੇ ਇਕ ਹੱਥ ਦੇਣ ਅਤੇ ਦੂਜੇ ਹੱਥ ਲੈਣ ਦੀ ਚਾਲ ਖੇਡ ਰਹੀ ਹੈ ਜਿਸ ਨੂੰ ਸਮੁੱਚਾ ਮੁਲਾਜ਼ਮ ਭਾਈਚਾਰਾ ਕਦੇ ਵੀ ਸਹਿਣ ਨਹੀ਼ ਕਰੇਗਾ। ਸਰਕਾਰ ਨਵੀਂ ਸਿੱਖਿਆ ਨੀਤੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਸਰਕਾਰੀ ਸਿੱਖਿਆ ਅਤੇ ਮਹਿਕਮੇ ਦਾ ਭੋਗ ਪਾਉਣ ਲੱਗੀ ਹੋਈ ਹੈ। ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰੀ ਪੈਟਰਨ ਰਾਹੀਂ ਨਿਸ਼ਚਤ ਕਰਕੇ ਜਿੱਥੇ ਮੁਲਜ਼ਮਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ ਉੱਥੇ ਪਿਛਲੇ 18 ਸਾਲਾਂ ਤੋਂ ਸਕੂਲਾਂ ਅੰਦਰ ਛੇ ਹਜ਼ਾਰ ‘ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਥਾਂ ਉਨ੍ਹਾਂ ਨੂੰ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ ਜਿਸ ਨੇ ਸਰਕਾਰ ਦਾ ਲੋਕ ਦੋਖੀ ਚਿਹਰਾ ਵੀ ਨੰਗਾ ਕੀਤਾ ਹੈ। ਜ਼ਿਲ੍ਹਾ ਵਿੱਤ ਸਕੱਤਰ ਗੁਰਮੀਤ ਝੋਰੜਾਂ ਨੇ ਮੰਗ ਕਰਦਿਆਂ ਕਿਹਾ ਸਰਕਾਰ ਮੁਲਾਜ਼ਮਾਂ ਦਾ ਬੁਢਾਪਾ ਰੋਲਣ ਵਾਲੀ ਨਵੀਂ ਪੈਨਸ਼ਨ ਸਕੀਮ ਤੁਰੰਤ ਬੰਦ ਕਰੇ ਅਤੇ ਸਮੁੱਚੇ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਲਾਗੂ ਕਰੇ। ਸਕੂਲਾਂ ਅੰਦਰ ਸੁਖਾਵਾਂ ਮਹੌਲ ਬਨਾਉਣ ਲਈ ਦਬਸ਼ ਭਰੇ ਮਹੌਲ ਸਮੇਤ ਪ੍ਰੋਜੈਕਟਾਂ ਅਤੇ ਤਜਰਬਿਆਂ ਦੀ ਨੀਤੀ ਬੰਦ ਕਰੇ। ਅਧਿਆਪਕਾਂ ਨੂੰ ਸਿਲੇਬਸ ਅਨੁਸਾਰ ਪੜਾਉਣ ਦਿੱਤਾ ਜਾਵੇ। ਆਨਲਾਈਨ ਸਿੱਖਿਆ ਬੰਦ ਕਰਕੇ ਪੂਰੇ ਪ੍ਰਬੰਧਾਂ ਤਹਿਤ ਵਿਦਿਆਰਥੀਆਂ ਸਮੇਤ ਸਕੂਲ ਖੋਲੇ। ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ‘ਤੇ ਪੱਕਾ ਕਰੇ। ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੇ। ਤਨਖਾਹ ਕਮਿਸ਼ਨ ਮੁਲਾਜ਼ਮ ਮਾਰੂ ਦੀ ਥਾਂ ਮੁਲਾਜ਼ਮ-ਪੱਖੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਕਤ ਮੰਗਾਂ ਪ੍ਰਤੀ ਸਰਕਾਰ ਦੀ ਟਾਲ਼ ਮਟੋਲ਼ ਦੀ ਨੀਤੀ ਖਿਲਾਫ਼ 18 ਜੁਲਾਈ ਨੂੰ ਵਿੱਤ ਮੰਤਰੀ ਦੇ ਸ਼ਹਿਰ ਬਠਿੰਡਾ ਵਿਖੇ ਸੂਬਾ ਪੱਧਰੀ ਰੈਲੀ ਵਿੱੱਚ ਜ਼ਿਲ੍ਹਾ ਮੋਗਾ ਦੇ ਸਾਰੇ ਬਲਾਕਾਂ ਵਿਚੋਂ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਬਲਾਕ ਕਮੇਟੀ ਮੈਂਬਰ ਹਰਪ੍ਰੀਤ ਰਾਮਾ ਤੇ ਜਸਵੰਤ ਢਿੱਲੋਂ ਨੇ ਕਿਹਾ ਕਿ 11 ਜੁਲਾਈ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਦਫਤਰ ਅੱਗੇ ਰੱਖੀ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਸੂਬਾ ਪੱਧਰੀ ਸੱਦੇ ਤੇ ਰੈਲੀ ਵਿੱੱਚ ਡੀ.ਟੀ.ਐੱਫ਼ ਵੱਲੋਂ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਕਰਵਾਈ ਜਾਵੇਗੀ ਕੱਚੇ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਨੂੰ ਡੀ.ਟੀ.ਐੱਫ. ਜ਼ਿਲ੍ਹਾ ਇਕਾਈ ਮੋਗਾ ਵੱਲੋਂ ਹਮਾਇਤੀ ਮੋਢਾ ਦਿੰਦਿਆਂ ਜੱਥੇਬੰਦੀ ਵੱਲੋਂ ਜਿਲ੍ਹੇ ਦੇ ਸਮੂਹ ਪੱਕੇ ਅਧਿਆਪਕਾਂ ਨੂੰ ਫੰਡ ਵੱਧ ਤੋਂ ਦੇਣ ਦੀ ਅਪੀਲ ਕਰਦਿਆਂ ਅਧਿਆਪਕਾਂ ਨੂੰ ਉਨ੍ਹਾਂ ਦੇ ਚਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਕੁਲਵਿੰਦਰ ਚੁੱਘੇ,ਗੁਰਪ੍ਰੀਤ ਤਖਤੂਪੁਰਾ, ਨਵਦੀਪ ਧੂੜਕੋਟ, ਗੁਰਦੀਪ ਸਿੰਘ,ਜੋਬਨਦੀਪ ਸਿੰਘ ਸਮੇਤ ਅਧਿਆਪਕ ਸਾਥੀ ਸ਼ਾਮਲ ਸਨ।