ਮੋਗਾ 20 ਨਵੰਬਰ (ਮਿੰਟੂ ਖੁਰਮੀ,ਕੁਲਦੀਪ ਸਿੰਘ)ਨੈਸ਼ਨਲ ਬਾਲ ਅਧਿਕਾਰ ਰੱਖਿਆ ਕਮਿਸ਼ਨ ਨਵੀ ਦਿੱਲੀ ਵੱਲੋ 0 ਤੋ 18 ਸਾਲ ਦੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਮੰਤਵ ਨਾਲ ਮੋਗਾ ਵਿਖੇ 26 ਨਵੰਬਰ 2019 ਨੂੰ ਸਵੇਰੇ 9:00 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਕੈਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅੱਜ 19 ਨਵੰਬਰ ਤੋ ਸ਼ੁਰੂ ਹੋ ਚੁੱਕੀ ਹੈ ਅਤੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਕੈਪ ਵਿੱਚ ਬਾਲ ਮਜ਼ਦੂਰੀ, ਬਾਲ ਭੀਖਸ਼ਾ ਤੇਜਾਬ ਪੀੜਤ ਬੱਚੇ ਬਿਮਾਰੀ ਨਾਲ ਪੀੜਤ ਬੱਚੇ, ਸਰੀਰਿਕ ਸੋਸਣ, ਅਨਾਥ ਬੱਚੇ, ਐਚ.ਆਈ.ਵੀ.ਨਾਲ ਪੀੜਤ ਬੱਚੇ,ਅਪਹਰਣ/ਅਗਵਾ ਕੀਤੇ ਬੱਚੇ, ਨਸ਼ਾ ਵੇਚਣ ਵਾਲੇ ਬੱਚੇ, ਮੀਡੀਆ ਵੱਲੋ ਬੱਚਿਆਂ ਦੇ ਅਧਿਕਾਰਾਂ ਦਾ ਸ਼ੋਸ਼ਣ ਕਰਨਾ,ਬਾਲ ਵਿਆਹ, ਸਕੂਲਾਂ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਬੱਚਿਆ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਤੇ ਦਿਵਿਆਂਗਜਨ ਬੱਚਿਆਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਬੱਚੇ ਨੂੰ ਜਾਂ ਖੁਦ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਦੀ ਹੋਵੇ ਤਾਂ ਉਹ ਆਪਣੀ ਸਮੱਸਿਆ ਦੇ ਹੱਲ ਲਈ ਕੈਪ ਵਾਲੇ ਦਿਨ ਸਾਰੇ ਤੱਥਾਂ ਸਮੇਤ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣੀ ਸ਼ਿਕਾਇਤ ਦੱਸ ਸਕਦਾ ਹੈ । ਜਿਸ ਦਾ ਨਿਪਟਾਰਾ ਕਮਿਸ਼ਨ ਦੀ ਟੀਮ ਵੱਲੋ ਮੌਕੇ ਤੇ ਹੀ ਕੀਤਾ ਜਾਵੇਗਾ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਕੈਪ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਪੰਫਲਿਟਾਂ ਅਤੇ ਚਸਪਾ ਨੋਟਿਸਾਂ ਆਦਿ ਰਾਹੀ ਸਕੂਲਾਂ, ਪਿੰਡਾਂ, ਆਂਗਣਵਾੜੀ ਸੈਟਰਾਂ, ਦਫ਼ਤਰਾਂ, ਹੋਸਟਲਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਤੋ ਇਲਾਵਾ ਆਮ ਲੋਕਾਂ ਅਤੇ ਸਮੂਹ ਗੈਰ ਸਰਕਾਰੀ ਸੰਸਥਾਵਾਂ ਦੇ ਆਹੁਦੇਦਾਰਾਂ ਨੂੰ ਕਿਹਾ ਕਿ ਉਹ ਵੱਧ ਤੋ ਵੱਧ ਲੋੜਵੰਦ ਬੱਚਿਆਂ ਦਾ ਇਸ ਕੈਪ ਵਿੱਚ ਲਿਆਉਣਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 01636-234447 ਤੇ ਸੰਪਰਕ ਕੀਤਾ ਜਾ ਸਕਦਾ ਹੈ।