ਵੱਧ ਤੋਂ ਵੱਧ ਨੌਜਵਾਨ ਲੈਣ ਰੋਜ਼ਗਾਰ ਮੇਲੇ ਦਾ ਲਾਹਾ-ਡਿਪਟੀ ਕਮਿਸ਼ਨਰ
ਧਰਮਕੋਟ/ਮੋਗਾ, 15 ਸਤੰਬਰ
(ਜਗਰਾਜ ਸਿੰਘ ਗਿੱਲ)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ”ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ” ਮਿਸ਼ਨ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੈਗਾ ਰੋਜ਼ਗਾਰ ਮੇਲੇ ਆਯੋਜਿਤ ਕਰਵਾਏ ਜਾ ਰਹੇ ਹਨ, ਜਿਸਨੂੰ ਬੇਰੋਜ਼ਗਾਰ ਪ੍ਰਾਰਥੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਮਿਤੀ 9 ਸਤੰਬਰ ਨੂੰ ਅਤੇ ਬਾਘਾਪੁਰਾਣਾ ਵਿੱਚ 14 ਸਤੰਬਰ ਨੂੰ ਮੈਗਾ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਗਏ ਜਿੰਨ੍ਹਾਂ ਨੂੰ ਜ਼ਿਲ੍ਹੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ।
ਉਨ੍ਹਾਂ ਦੱਸਿਆ ਕਿ ਹੁਣ ਮਿਤੀ 17 ਸਤੰਬਰ ਨੂੰ ਬਾਬਾ ਈਸ਼ਰ ਸਿੰਘ ਕਾਲਜ, ਗਗੜਾ ਕੋਟ ਈਸੇ ਖਾਂ ਵਿਖੇ ਵੀ ਮੈਗਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਾਮੀ ਕੰਪਨੀਆਂ ਭਾਗ ਲੈ ਕੇ ਬੇਰੋਜ਼ਗਾਰ ਨੌਜਵਾਨਾਂ ਦੀ ਇੰਟਰਵਿਊ ਜਰੀਏ ਰੋਜ਼ਗਾਰ ਲਈ ਚੋਣ ਕਰਨਗੀਆਂ।
ਉਨ੍ਹਾਂ ਜ਼ਿਲ੍ਹੇ ਦੇ ਬੇਰੋਜ਼ਗਾਰ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਆਪਣੀ ਯੋਗਤਾ ਅਤੇ ਹੁਨਰ ਦਿਖਾ ਕੇ ਢੁਕਵਾਂ ਰੋਜ਼ਗਾਰ ਪ੍ਰਾਪਤ ਕਰਨ।