May 25, 2024

ਰੋਜ਼ਾਨਾ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਸੁਪਰ ਲਗਜ਼ਰੀ ਬੱਸ ਮੋਗਾ ਪਹੁੰਚੀ 

1 min read

ਵਿਸ਼ੇਸ਼ ਕਾਉੰਟਰ ਤੋਂ ਚੱਲਿਆ ਕਰੇਗੀ ਬੱਸ, ਸਪੈਸ਼ਲ ਸਟਾਫ਼ ਤਾਇਨਾਤ

 

ਇਕ ਪਾਸੇ ਦਾ ਲੱਗੇਗਾ 1160 ਰੁਪਏ ਕਿਰਾਇਆ

 

ਮੋਗਾ, 14 ਜੂਨ (ਜਗਰਾਜ ਸਿੰਘ ਗਿੱਲ) – ਸ਼ਹਿਰ ਮੋਗਾ ਤੋਂ ਰੋਜ਼ਾਨਾ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਸੁਪਰ ਲਗਜ਼ਰੀ ਵੋਲਵੋ ਬੱਸ ਮੋਗਾ ਬੱਸ ਸਟੈਂਡ ਵਿਖੇ ਪਹੁੰਚ ਚੁੱਕੀ ਹੈ। ਇਹ ਬੱਸ ਜਲਦੀ ਹੀ ਮਾਲਵੇ, ਖਾਸ ਕਰਕੇ ਜ਼ਿਲ੍ਹਾ ਮੋਗਾ, ਦੇ ਲੋਕਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਦਾ ਆਉਣ ਜਾਣ ਦਾ ਸਫ਼ਰ ਕਰਾਉਣ ਲੱਗੇਗੀ।

 

ਇਹ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਮੋਗਾ ਡੀਪੂ ਦੇ ਜਨਰਲ ਮੈਨੇਜਰ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਹ ਨਵੀਂ ਨਕੋਰ ਬੱਸ ਲਈ ਪਰਮਿਟ ਅਪਲਾਈ ਕੀਤਾ ਗਿਆ ਹੈ ਜੋ ਕਿ ਅਗਲੇ ਕੁਝ ਦਿਨਾਂ ਵਿੱਚ ਜਾਰੀ ਹੋ ਜਾਣ ਦੀ ਸੰਭਾਵਨਾ ਹੈ। ਇਸ ਬੱਸ ਨੂੰ ਚਲਾਉਣ ਲਈ ਸਪੈਸ਼ਲ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਬੱਸ ਰਾਹੀਂ ਸਫ਼ਰ ਕਰਨ ਉੱਤੇ ਪ੍ਰਤੀ ਸਵਾਰੀ ਇਕ ਪਾਸੇ ਦਾ 1160 ਰੁਪਏ ਕਿਰਾਇਆ ਵੀ ਨਿਰਧਾਰਤ ਕਰ ਦਿੱਤਾ ਗਿਆ ਹੈ। ਇਹ ਬੱਸ ਮੋਗਾ ਦੇ ਮੁੱਖ ਬੱਸ ਅੱਡੇ ਦੇ ਵਿਸ਼ੇਸ਼ ਕਾਉੰਟਰ ਤੋਂ ਚੱਲਿਆ ਕਰੇਗੀ। ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਮਾਲਵਾ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਸਭ ਤੋਂ ਵੱਧ ਐਨ ਆਰ ਆਈ ਪਰਿਵਾਰ ਰਹਿੰਦੇ ਹਨ। ਜਿਸ ਕਾਰਨ ਜ਼ਿਲ੍ਹਾ ਮੋਗਾ ਨੂੰ ਇਸ ਦਾ ਬਹੁਤ ਲਾਭ ਮਿਲੇਗਾ। ਇਹ ਬੱਸ ਰੋਜ਼ਾਨਾ ਮੋਗਾ ਦੇ ਮੁੱਖ ਬੱਸ ਸਟੈਂਡ ਤੋਂ ਸਵੇਰੇ 9 ਵਜੇ ਚੱਲਿਆ ਕਰੇਗੀ ਅਤੇ 8 ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ਪਹੁੰਚਿਆ ਕਰੇਗੀ। ਉਸ ਉਪਰੰਤ ਰਾਤ ਨੂੰ 11 ਵਜੇ ਤੱਕ ਫਲਾਇਟਾਂ ਦੀ ਉਡੀਕ ਕਰਕੇ ਵਾਪਿਸ ਮੋਗਾ ਲਈ ਚੱਲਿਆ ਕਰੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੈੱਬਸਾਈਟਾਂ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਵੈੱਬਸਾਈਟਾਂ ਤੇ ਉਪਲਬਧ ਹੋਵੇਗਾ।

ਉਹਨਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਬੱਸ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।

ਦੱਸਣਯੋਗ ਹੈ ਕਿ ਦਹਾਕਿਆਂ ਤੋਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ਉਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਸਨ। ਇਹ ਵੀ ਦੱਸਣਯੋਗ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਕਿਉਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੀ ਇਸ ਰੂਟ ਉਤੇ ਬੱਸਾਂ ਚਲਾਉਣ ਦਾ ਹੱਕ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟਾਂ ਉਤੇ ਬੱਸਾਂ ਨਹੀਂ ਚਲਾ ਰਹੀ।

ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.