May 24, 2024

ਦੇਸ ਅੰਦਰ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ- ਕਾਮਰੇਡ ਕੁਲਦੀਪ ਭੋਲਾ

1 min read

ਨਿਹਾਲ ਸਿੰਘ ਵਾਲਾ 10 ਦਸੰਬਰ(ਮਿੰਟੂ ਖੁਰਮੀ,ਕੁਲਦੀਪ ਸਿੰਘ)ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਵੰਡਵਾਦੀ ਸੋਚ ਤਹਿਤ ਵਿਤਕਰੇ ਆਧਾਰਤ ਨਾਗਰਿਕਤਾ ਸੋਧ ਬਿੱਲ ਧੌਂਸ ਨਾਲ ਪਾਸ ਕਰਵਾਉਣ ਵਿਰੁੱਧ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ । ਇਸ ਮੌਕੇ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਅਗਜ਼ੈਕਟਿਵ ਮੈਂਬਰ ਤੇ ਜ਼ਿਲ੍ਹਾ ਸਕੱਤਰ ਕਾ. ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਦੇਸ਼ ਅੰਦਰ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ਸਾਰੀ ਤਾਕਤ ਪ੍ਰਧਾਨ ਮੰਤਰੀ ਦਫ਼ਤਰ ਤੱਕ ਸੀਮਤ ਕੀਤੀ ਜਾ ਰਹੀ ਹੈ। ਲੋਕ ਵਿਰੋਧੀ ਤੇ ਫ਼ਿਰਕੂ ਵੰਡ ਪਾਊ ਨੀਤੀਆਂ ਲਾਗੂ ਕਰਨ ਕਾਰਨ ਦੇਸ਼ ਆਰਥਿਕ ਤਬਾਹੀ ਦਾ ਸ਼ਿਕਾਰ ਹੋ ਚੁੱਕਾ ਹੈ । ਲੱਖਾਂ ਕਾਮਿਆਂ ਤੋਂ ਰੁਜ਼ਗਾਰ ਖੁੱਸ ਗਿਆ ਹੈ । ਧਾਰਾ 370 ਖਤਮ ਕਰਨ,ਨਾਗਰਿਕਤਾ ਸੋਧ ਬਿੱਲ ਠੋਸਣ ਵਰਗੇ ਫੈਸਲਿਆਂ ਕਾਰਨ ਦੇਸ਼ ਦੀ ਭਾਈਚਾਰਕ ਸਾਂਝ ਟੁੱਟ ਰਹੀ ਹੈ । ਸੌੜੀ ਰਾਜਨੀਤਿਕ ਮਨਸ਼ਾ ਤਹਿਤ ਬੰਗਲਾਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਾ ਅਧਿਕਾਰ ਦੇਣ ਦੀ ਬਜਾਏ ਮੁਸਲਮਾਨ ਸ਼ਰਨਾਰਥੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਸ੍ਰੀਲੰਕਾ,ਮਿਆਂਮਾਰ,ਚੀਨ ਵਰਗੇ ਦੇਸ਼ਾਂ ਤੋਂ ਆਏ ਜ਼ੁਲਮਾਂ ਦਾ ਸ਼ਿਕਾਰ ਸ਼ਨਾਰਥੀਆਂ ਨੂੰ ਵੀ ਨਾਗਰਿਕਤਾ ਦਾ ਅਧਿਕਾਰ ਦੇਣ ਦੀ ਗੱਲ ਨਹੀਂ ਕੀਤੀ ਜਾ ਰਹੀ । ਉਨ੍ਹਾਂ ਕਿਹਾ ਕਿ ਕਮਿਊਨਿਸਟ ਪਾਰਟੀ ਬੀ ਜੇ ਪੀ ਦੀ ਫਿਰਕੂ ਤੇ ਗੁਮਰਾਹਕੁੰਨ ਰਾਜਨੀਤੀ ਦੇ ਮੁਕਾਬਲੇ ਲੋਕ ਮਸਲਿਆਂ ਤੇ ਆਧਾਰਤ ਰਾਜਨੀਤੀ ਉਭਾਰਦਿਆਂ ਰਾਜਨਿਤਿਕ ਬਦਲ ਪੇਸ਼ ਕਰੇਗੀ। ਬਲਾਕ ਸਕੱਤਰ ਕਾ ਜਗਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਰੀ ਦੁਨੀਆ ਅੰਦਰ ਅੱਜ ਦੇ ਦਿਨ ‘ਮਨੁੱਖੀ ਅਧਿਕਾਰ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ। ਪਰ ਸਾਡੇ ਦੇਸ਼ ਅੰਦਰ ਸ਼ਾਸਕਾਂ ਤੇ ਪ੍ਰਸ਼ਾਸਕਾਂ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਯੋਜਨਾਬੰਦ ਢੰਗ ਨਾਲ ਕੁਚਲਿਆ ਜਾ ਰਿਹਾ ਹੈ।ਜੇ ਐਨ ਯੂ ਦੇ ਵਿੱਦਿਆਰਥੀਆਂ ਤੋਂ ਵਿੱਦਿਆ ਦਾ ਅਧਿਕਾਰ ਖੋਹਣ ਵਿਰੁੱਧ ਲੜ ਰਹੇ ਵਿਦਿਆਰਥੀਆਂ ਤੇ ਦੇਸ਼ ਅੰਦਰ ਕੰਮ ਦਾ ਅਧਿਕਾਰ ਮੰਗ ਰਹੇ ਨੌਜਵਾਨਾਂ ਨੂੰ ਰੋਜ਼ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। ਦੇਸ਼ ਅੰਦਰ ਔਰਤਾਂ ਉੱਪਰ ਅੱਤਿਆਚਾਰ ਵਧ ਰਹੇ ਹਨ ।ਬਲਾਤਕਾਰੀਆਂ,ਕਾਤਲਾਂ ਨੂੰ ਅਦਾਲਤੀ ਪ੍ਰਕਿਰਿਆ ਨੂੰ ਕਥਿਤ ਤੌਰ ਤੇ ਲਮਕਾਅ ਕੇ ਸਜ਼ਾ ਤੋਂ ਬਚਾਇਆ ਜਾ ਰਿਹਾ ਹੈ ਅਤੇ ਬਾਹਰ ਆਉਂਦਿਆਂ ਨੂੰ ਨਿੱਘੇ ਸਵਾਗਤਾਂ ਅਤੇ ਗਲਾਂ ਚ ਹਾਰ ਪਾ ਕੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹਜੂਮੀ ਕਤਲਾਂ ਦੇ ਜ਼ਿੰਮੇਵਾਰਾਂ ਨੂੰ ਜਨਤਕ ਤੌਰ ਤੇ ਸਨਮਾਨਿਆ ਜਾ ਰਿਹਾ ਹੈ। ਇੱਕ ਵੱਖਰੇ ਮਤੇ ਰਾਹੀਂ ਮੋਗਾ ਜ਼ਿਲ੍ਹੇ ਦੇ ਪਿੰਡ ਮਸਤੇਵਾਲਾ ਚ ਵਾਪਰੇ ਕਤਲ ਕਾਂਡ ਦੇ ਸਬੰਧ ਵਿੱਚ ਬਣੀ ਐਕਸ਼ਨ ਕਮੇਟੀ ਦੇ ਆਗੂਆਂ ਤੇ ਕੀਤੇ ਝੂਠੇ ਪਰਚੇ ਨੂੰ ਰੱਦ ਕਰਨ ਅਤੇ ਗਿ੍ਫ਼ਤਾਰ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਕਾ.ਸੁਖਦੇਵ ਭੋਲਾ,ਕਾ.ਪਾਲ ਸਿੰਘ ਧੂੜਕੋਟ,ਕਾ.ਸਿਕੰਦਰ ਸਿੰਘ ਮਧੇਕੇ,ਕਾ.ਜੋਗਿੰਦਰ ਸਿੰਘ ਪਾਲੀ ਖਾਈ,ਕਾ.ਮਹਿੰਦਰ ਸਿੰਘ ਧੂੜਕੋਟ (ਸਾਰੇ ਮੈਂਬਰ ਜ਼ਿਲ੍ਹਾ ਕੌਂਸਲ), ਕਿਸਾਨ ਆਗੂ ਜਸਵੀਰ ਸਿੰਘ ਧੂੜਕੋਟ,ਮਹਿੰਦਰ ਸਿੰਘ ਰਣਸੀਂਹ,ਨੌਜਵਾਨ ਆਗੂ ਚਰੰਜੀ ਲਾਲ ਨਿਹਾਲ ਸਿੰਘ ਵਾਲਾ,ਕਾ.ਲੋਕ ਰਾਜ,ਕਾ.ਕੁਲਵੰਤ ਸਿੰਘ,ਕੇਵਲ ਸਿੰਘ ਰਾਉਕੇ,ਰਘਵੀਰ ਸਿੰਘ ਰਣਸੀਂਹ ਕਲਾਂ, ਗੁਰਮੀਤ ਸਿੰਘ ਬੌਡੇ ਆਦਿ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.