ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਸੇਵਾ ਲੈਣ ਵਿੱਚ ਕੋਈ ਵੀ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ – ਡਿਪਟੀ ਕਮਿਸ਼ਨਰ
ਮੋਗਾ, 9 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਧ ਤੋਂ ਨਾਗਰਿਕ ਸੇਵਾਵਾਂ ਉਹਨਾਂ ਦੇ ਘਰਾਂ ਨੇੜੇ ਮੁਹੱਈਆ ਕਰਾਉਣ ਲਈ ਉਪਰਾਲਾ ਕੀਤਾ ਗਿਆ ਹੈ। ਸੇਵਾ ਕੇਂਦਰਾਂ ਰਾਹੀਂ ਮਿਲ ਰਹੀਆਂ ਸੇਵਾਵਾਂ ਵਿੱਚ 56 ਹੋਰ ਸੇਵਾਵਾਂ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹਨਾਂ ਵਾਧੂ ਸੇਵਾਵਾਂ ਦੀ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ, ਮੁੱਖ ਸਕੱਤਰ, ਵਿਧਾਇਕਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਖ ਵੱਖ ਥਾਵਾਂ ਤੋਂ ਸ਼ਿਰਕਤ ਕੀਤੀ।
ਆਈ ਐੱਸ ਐੱਫ ਕਾਲਜ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਤੋਂ ਬਾਅਦ ਜਾਣਕਾਰੀ ਦਿੰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਸੁਖਜੀਤ ਸਿੰਘ ਲੋਹਗੜ੍ਹ ਨੇ ਦੱਸਿਆ ਕਿ ਇਹ ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮਿਲ ਰਹੀਆਂ ਮੌਜੂਦਾ 271 ਸੇਵਾਵਾਂ ਤੋਂ ਇਲਾਵਾ ਹੋਣਗੀਆਂ। ਜਿਸ ਵਿੱਚ ਮਾਲ ਵਿਭਾਗ ਵੱਲੋਂ ਫਰਦ ਦੀ ਨਕਲ, ਪੁਲਿਸ (ਸਾਂਝ ਕੇਂਦਰ ਸੇਵਾਵਾਂ) ਅਧੀਨ ਨਾਗਰਿਕ ਸ਼ਿਕਾਇਤਾਂ, ਐਫ.ਆਈ.ਆਰ./ਡੀ.ਡੀ.ਆਰ. ਰਿਪੋਟਾਂ ਦੀਆਂ ਨਕਲਾਂ, ਹਰ ਤਰ੍ਹਾਂ ਦਾ ਪੁਲਿਸ ਤਸਦੀਕੀਕਰਨ, ਹਰ ਤਰ੍ਹਾਂ ਦੀ ਐਨ.ਓ.ਸੀ. ਅਤੇ ਪੁਲਿਸ ਪ੍ਰਵਾਨਗੀਆ ਆਦਿ ਨਾਲ ਸਬੰਧਤ 20 ਸੇਵਾਵਾਂ ਸ਼ਾਮਿਲ ਹਨ।
ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਵੱਲੋਂ ਡਰਾਈਵਿੰਗ ਲਾਇਸੰਸ, ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ, ਹਰ ਤਰ੍ਹਾਂ ਦੀ ਐਨ.ਓ.ਸੀ., ਹਾਈਪੋਥੀਕੇਸ਼ਨ, ਮਿਲਣ ਦਾ ਸਮਾਂ ਲੈਣ ਸਬੰਧੀ ਅਤੇ ਮਾਲਕੀ ਤਬਾਦਲਾ ਆਦਿ ਨਾਲ ਸਬੰਧਤ 35 ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਇਹ ਇਕ ਸੇਵਾ ਕੇਂਦਰਾਂ ਰਾਹੀਂ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਲੋਕ ਪੱਖੀ ਪਹਿਲ ਹੈ। ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਉਹਨਾਂ ਦੇ ਦਰਾਂ ਉੱਤੇ ਦੇਣ ਲਈ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਇਹ ਸਹੂਲਤ ਸੇਵਾ ਕੇਂਦਰਾਂ ਰਾਹੀਂ ਲੈਣ ਵਿੱਚ ਕਿਸੇ ਵੀ ਤਰ੍ਹਾਂ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਇਹ ਆਨਲਾਈਨ ਸਮਾਗਮ 44 ਸਥਾਨਾਂ ਉੱਤੇ ਕਰਵਾਇਆ ਗਿਆ। ਮੁੱਖ ਸਮਾਗਮ ਆਈ ਐੱਸ ਐੱਫ ਕਾਲਜ ਵਿਖੇ ਕਰਵਾਇਆ ਗਿਆ। ਇਸ ਤੋਂ ਇਲਾਵਾ 7 ਸੇਵਾ ਕੇਂਦਰਾਂ/ਸਾਂਝ ਕੇਂਦਰਾਂ ਅਤੇ 36 ਸਰਕਾਰੀ ਸਕੂਲਾਂ ਵਿੱਚ ਵੀ ਇਹ ਆਨਲਾਈਨ ਪ੍ਰਸਾਰਨ ਦਿਖਾਉਣ ਦੇ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਮੋਗਾ, ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਵਿਖੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਇਹਨਾਂ ਸਥਾਨਾਂ ਉੱਤੇ ਇਹ ਸਮਾਗਮ ਨਹੀਂ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭਾਂਗੇਰੀਆਂ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੀਤਾ ਦਰਸ਼ੀ, ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਰਾਜਵਿੰਦਰ ਕੌਰ ਭਾਗੀਕੇ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ।