May 22, 2024

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਗਾਂਹਵਧੂ ਪਿੰਡ ਰਣਸੀਂਹ ਕਲਾਂ ਦਾ ਦੌਰਾ

1 min read

ਲਿੰਕ ਸੜਕਾਂ ਅਤੇ ਕੱਚੇ ਰਾਹਾਂ ਉੱਤੇ ਹੋਏ ਨਜ਼ਾਇਜ ਕਬਜ਼ੇ ਵੀ ਛੁਡਾਏ ਜਾਣਗੇ – ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ

ਕਿਹਾ! ਪੰਚਾਇਤੀ ਜ਼ਮੀਨਾਂ ਨੂੰ ਨਜ਼ਾਇਜ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਮੁਹਿੰਮ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ

ਕਿਹਾ! ਪੰਜਾਬ ਨੂੰ ਪੰਜਾਬ ਬਣਾਉਣ ਦੀ ਲੋੜ੍ਹ, ਕੈਲੇਫੋਰਨੀਆ ਨਹੀਂ

ਪੰਚਾਇਤਾਂ ਨੂੰ ਪੰਚਾਇਤੀ ਰਾਜ ਐਕਟ ਤੋਂ ਜਾਣੂ ਕਰਵਾਇਆ ਜਾਵੇਗਾ

1 ਜੂਨ ਤੋਂ 26 ਜੂਨ ਤੱਕ ਸਾਰੇ ਪਿੰਡਾਂ ਵਿਚ ਹੋਵੇਗਾ ਗ੍ਰਾਮ ਸਭਾ ਦਾ ਆਯੋਜਨ

ਆਪ ਸਰਕਾਰ ਸੂਬੇ ਦੇ ਸਾਰੇ 12560 ਪਿੰਡਾਂ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ

ਰਣਸੀਂਹ ਕਲਾਂ/ਮੋਗਾ, 9 ਮਈ (ਜਗਰਾਜ ਸਿੰਘ ਗਿੱਲ) 

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਨਜ਼ਾਇਜ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ। ਇਸ ਤੋਂ ਬਾਅਦ ਸੂਬੇ ਦੀਆਂ ਲਿੰਕ ਸੜਕਾਂ ਅਤੇ ਕੱਚੇ ਰਾਹਾਂ ਉੱਤੇ ਹੋਏ ਕਬਜ਼ੇ ਵੀ ਛੁਡਾਏ ਜਾਣਗੇ। ਉਹ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਅਗਾਂਹਵਧੂ ਪਿੰਡ ਰਣਸੀਂਹ ਕਲਾਂ ਵਿਖੇ ਵਿਖੇ ਹੋਏ ਵਿਕਾਸ ਕਾਰਜਾਂ ਨੂੰ ਦੇਖਣ ਲਈ ਵਿਸ਼ੇਸ਼ ਤੌਰ ਉੱਤੇ ਆਏ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਨਜ਼ਾਇਜ ਕਬਜ਼ਿਆਂ ਤੋਂ ਮੁਕਤ ਕਰਾਉਣ ਦੀ ਮੁਹਿੰਮ ਕਿਸੇ ਵੀ ਹੀਲੇ ਰੁਕਣ ਨਹੀਂ ਦਿੱਤੀ ਜਾਵੇਗੀ। ਇਸ ਮੁਹਿੰਮ ਨੂੰ ਸਫਲ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਹਨਾਂ ਨਜ਼ਾਇਜ ਕਬਜ਼ਾਧਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਹੀ ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰ ਦੇਣ। ਉਹਨਾਂ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ। ਜਿਹੜਾ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਨਹੀਂ ਦੇਵੇਗਾ। ਉਸ ਖ਼ਿਲਾਫ਼ ਕਾਨੂੰਨ ਮੁਤਾਬਿਕ ਕਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਆਦਾਤਰ ਜ਼ਮੀਨਾਂ ਉੱਤੇ ਕਥਿਤ ਤੌਰ ਉੱਤੇ ਰਾਜਸੀ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ।

ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਇਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੈ। ਇਸੇ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਚਾਇਤਾਂ ਨੂੰ ਪੰਚਾਇਤੀ ਰਾਜ ਐਕਟ ਤੋਂ ਜਾਣੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਪਿੰਡਾਂ ਦਾ ਵਿਕਾਸ ਕਿਵੇਂ ਕਰਨਾ ਹੈ ਇਸ ਬਾਰੇ ਜਾਣੂ ਕਰਾਉਣ ਲਈ ਪਿੰਡ ਰਣਸੀਂਹ ਕਲਾਂ ਵਰਗੀਆਂ ਅਗਾਂਹਵਧੂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਹੋਰ ਪੰਚਾਇਤਾਂ ਨੂੰ ਜਾਗਰੂਕ ਕਰਨ ਦੀ ਕਮਾਨ ਸੌਂਪੀ ਜਾਵੇਗੀ। ਉਹਨਾਂ ਕਿਹਾ ਕਿ 1 ਜੂਨ ਤੋਂ 26 ਜੂਨ, 2022 ਤੱਕ ਪੂਰੇ ਪੰਜਾਬ ਵਿਚ ਗ੍ਰਾਮ ਸਭਾ ਦਾ ਆਯੋਜਨ ਹੋਵੇਗਾ। ਜਿਹਨਾਂ ਵਿੱਚ ਪਿੰਡਾਂ ਦੇ ਵਿਕਾਸ ਲਈ ਖਾਕਾ ਤਿਆਰ ਕੀਤਾ ਜਾਵੇਗਾ। ਉਹਨਾਂ ਪਿੰਡ ਰਣਸੀਂਹ ਕਲਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਪੰਜਾਬ ਬਣਾਉਣ ਦੀ ਲੋੜ੍ਹ ਹੈ ਕੈਲੇਫੋਰਨੀਆ ਨਹੀਂ। ਉਹਨਾਂ ਕਿਹਾ ਕਿ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਨੇ ਰਲ ਕੇ ਬਰਬਾਦ ਕੀਤਾ ਹੈ। ਹੁਣ ਆਪ ਸਰਕਾਰ ਸੂਬੇ ਦੇ ਸਾਰੇ 12560 ਪਿੰਡਾਂ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ ਹੈ। ਉਹਨਾਂ ਇਸ ਮੌਕੇ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਵਿੱਚ ਪੰਜਾਬ ਸਰਕਾਰ ਵੱਲੋਂ ਯੋਗਦਾਨ ਪਾਉਂਦੇ ਹੋਏ ਸ਼ਮਸ਼ਾਨਘਾਟ, ਸਟੇਡੀਅਮ ਅਤੇ ਵੇਰਕਾ ਬੂਥ ਲਗਾਉਣ ਦਾ ਐਲਾਨ ਕੀਤਾ ਅਤੇ ਪਿੰਡ ਵਿੱਚ ਮੁਹੱਲਾ ਕਲੀਨਿਕ ਸਥਾਪਤ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਹਲਕੇ ਦੀਆਂ ਮੰਗਾਂ ਬਾਰੇ ਵੇਰਵਾ ਪੇਸ਼ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ। ਇਸ ਤੋਂ ਪਹਿਲਾਂ ਉਹਨਾਂ ਨੂੰ ਪਹਿਲੀ ਵਾਰ ਜ਼ਿਲ੍ਹਾ ਮੋਗਾ ਵਿਖੇ ਆਉਣ ਉੱਤੇ ਗਾਰਡ ਆਫ ਆਨਰ ਵੀ ਦਿੱਤਾ ਗਿਆ।

 

ਇਸ ਮੌਕੇ ਹਲਕਾ ਮੋਗਾ ਦੀ ਵਿਧਾਇਕਾ ਸ਼੍ਰੀਮਤੀ ਅਮਨਦੀਪ ਕੌਰ ਅਰੋੜਾ, ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਸ੍ਰ ਸਤਵੰਤ ਸਿੰਘ, ਐਸਪੀ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ, ਏ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ, ਹਰਮਨਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਅਤੇ ਹੋਰ ਹਾਜ਼ਰ ਸਨ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.