May 20, 2024

ਮੱਕੀ ਫ਼ਸਲ ਦੀ ਬਿਜਾਈ ਵਾਲੇ ਕਿਸਾਨ ”ਫਾਲ ਆਰਮੀ ਵਾਰਮ” ਨਾਮ ਦੇ ਕੀੜੇ ਤੋਂ ਆਪਣੀ ਫ਼ਸਲ ਨੂੰ ਰੱਖਣ ਸੁਰੱਖਿਅਤ

1 min read

ਮੁੱਖ ਖੇਤੀਬਾੜੀ ਅਫ਼ਸਰ ਨੇ ਇਸ ਕੀੜੇ ਦਾ ਹਮਲਾ ਪਛਾਣਨ ਅਤੇ ਰੋਕਥਾਮ ਦੇ ਸਾਂਝੇ ਕੀਤੇ ਨੁਕਤੇ

 

ਮੋਗਾ, 8 ਜੁਲਾਈ (ਜਗਰਾਜ ਸਿੰਘ ਗਿੱਲ)

 

ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਨੇ ਉਨ੍ਹਾਂ ਕਿਸਾਨਾਂ ਜਿੰਨ੍ਹਾਂ ਨੇ ਮੱਕੀ ਦੀ ਫ਼ਸਲ ਦੀ ਬਿਜਾਈ ਕੀਤੀ ਜਾਂ ਕਰਨੀ ਹੈ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੱਕੀ ਦੀ ਫ਼ਸਲ ਉੱਤੇ ਪਿਛਲੇ ਤਿੰਨ ਸਾਲਾਂ ਤੋਂ ਦੱਖਣੀ ਭਾਰਤ ਵਿੱਚ ਇੱਕ ਨਵੇਂ ਕੀੜੇ ਫਾਲ ਆਰਮੀ ਵਾਰਮ ਨੇ ਦਸਤਕ ਦਿੱਤੀ ਹੈ।  ਹੁਣ ਇਸ ਕੀੜੇ ਦਾ ਹਮਲਾ ਪੰਜਾਬ ਵਿੱਚ ਵੀ ਸਾਉਣੀ ਮੱਕੀ ਦੀ ਫਸਲ ਤੇ ਵੇਖਿਆ ਜਾ ਰਿਹਾ ਹੈ। ਇਹ ਕੀੜਾ ਆਮ ਤੌਰ ਤੇ ਮੱਕੀ ਦੀ 10 ਤੋਂ 40 ਦਿਨਾਂ ਤੱਕ ਦੀ ਫ਼ਸਲ ਤੇ ਵਧੇਰੇ ਹਮਲਾ ਕਰਦਾ ਹੈ ਜੇਕਰ ਸਮੇਂ ਸਿਰ ਇਸ ਕੀਤੇ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਗੋਭਾਂ ਦਾ ਬਹੁਤ ਨੁਕਸਾਨ ਕਰਦਾ ਹੈ। ਇਹ ਕੀੜਾ ਬੂਟਿਆਂ ਨੂੰ ਖਾ ਕੇ ਉਸੇ ਥਾਂ ਤੇ ਮਲ ਮੂਤਰ ਛੱਡਦਾ ਹੈ।

ਇਸ ਕੀੜੇ ਨੂੰ ਅਤੇ ਇਸ ਵੱਲੋਂ ਕੀਤੇ ਗਏ ਨੁਕਸਾਨ ਨੂੰ ਕਿਸਾਨ ਵੀਰ ਕਿੰਨਾਂ ਗੱਲਾਂ ਦਾ ਧਿਆਨ ਰੱਖ ਕੇ ਪਛਾਣ ਸਕਦੇ ਹਨ ਉਸ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਸੁੰਡੀਆਂ ਦਾ ਹਮਲਾ ਦਿਸੇ ਤਾਂ ਇਸ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਤੁਰੰਤ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਤੋਂ ਤੀਜੀ ਅਵਸਥਾ ਵਿੱਚ ਇਸਦੇ ਲਾਰਵੇ ਨੂੰ ਪਛਾਨਣਾ ਬੜਾ ਮੁਸ਼ਕਿਲ ਹੁੰਦਾ ਹੈ ਪ੍ਰੰਤੂ ਇਸਤੋਂ ਬਾਅਦ ਇਸਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।ਇਸ ਕੀੜੇ ਦੇ ਸਿਰ ਉੰਤੇ ਉਲਟੀ ਛੋਟੀ ਵਾਈ ਦੇ ਆਕਾਰ ਦਾ ਨਿਸ਼ਾਨ ਹੁੰਦਾ ਹੈ। ਇਸਦਾ ਮਾਦਾ ਕੀੜਾ ਇੱਕ ਵਾਰ ਵਿੱਚ 50 ਤੋਂ 200 ਅੰਡੇ ਦੇਣ ਦੀ ਤਾਕਤ ਰੱਖਦਾ ਹੈ ਅਤੇ ਇਹ ਅੰਡੇ 3 ਦਿਨਾਂ ਵਿੱਚ ਫੁੱਟ ਜਾਂਦੇ ਹਨ। ਇਸ ਕੀੜੇ ਦਾ ਜੀਵਨ ਚੱਕਰ 30 ਤੋਂ 61 ਦਿਨ ਤੱਕ ਦਾ ਹੁੰਦਾ ਹੈ।

 

ਇਸ ਕੀੜੇ ਦੀ ਰੋਕਥਾਮ ਲਈ 0.4 ਮਿ.ਲੀ ਕਲੋਰਐਂਟਰਾਨਿਲੀਪਰੈਲ 18.5 ਐਸ.ਸੀ ਜਾਂ 0.5 ਮਿ.ਲੀ ਸਪਾਈਨਟੌਰਮ 11.7 ਐਸ.ਸੀ. ਜਾਂ 0.4 ਗ੍ਰਾਮ ਐਮਾਮੈਕਟਿਨ ਬੈਂਜੋਏਟ 5 ਐਸ.ਜੀ ਪ੍ਰਤੀ ਲੀਟਰ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 20 ਦਿਨਾਂ ਦੀ ਮੱਕੀ ਦੀ ਫ਼ਸਲ ਲਈ 120 ਲੀਟਰ ਅਤੇ ਇਸ ਤੋਂ ਵੱਡੀ ਫ਼ਸਲ ਤੇ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਵਰਤੋਂ ਕਰਨੀ ਚਾਹੀਦੀ ਹੈ। ਕੀਟਨਾਸ਼ਕ ਦਾ ਛਿੜਕਾਅ ਹਮੇਸ਼ਾ ਗੋਭ ਵਿੱਚ ਹੀ ਕਰਨਾ ਚਾਹੀਦਾ ਹੈ।

 

ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਚਾਰੇ ਵਾਲੀ ਫ਼ਸਲ ਤੇ 0.4 ਮਿ.ਲੀ ਕਲੋਰਐਂਟਰਾਨਿਲੀਪਰੋਲ 18.5 ਐਸ.ਸੀ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਛਿੜਕਾਅ ਤੋਂ ਚਾਰੇ ਦੀ ਵਾਢੀ ਵਿਚਲਾ ਸਮਾਂ ਘੱਟੋ ਘੱਟ 21 ਦਿਨਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਛਿੜਕਾਅ ਕੀਤੇ ਕੀਟਨਾਸ਼ਕ ਦਾ ਮਾੜਾ ਪ੍ਰਭਾਵ ਪਸ਼ੂਆਂ ਤੇ ਨਾ ਹੋ ਸਕੇ।

ਉਨ੍ਹਾਂ ਦੱਸਿਆ ਕਿ ਚਾਰੇ ਵਾਲੀ ਮੱਕੀ ਦੀ ਬਿਜਾਈ 15 ਅਗਸਤ ਤੱਕ ਹੀ ਕੀਤੀ ਜਾਵੇ, ਜਿਆਦਾ ਸੰਘਣੀ ਬਿਜਾਈ ਤੋਂ ਗੁਰੇਜ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਿਰਫ਼ ਸਿਫ਼ਾਰਿਸ਼ ਕੀਤੀ ਬੀਜ ਦੀ ਮਾਤਰਾ 30 ਕਿਲੋ ਪ੍ਰਤੀ ਏਕੜ ਵਰਤੀ ਜਾਵੇ ਅਤੇ ਕਤਾਰਾਂ ਵਿੱਚ ਬਿਜਾਈ ਕੀਤੀ ਜਾਵੇ।

 

ਉਨ੍ਹਾਂ ਕਿਹਾ ਕਿ ਕਿਸਾਨ ਵੀਰ ਵਧੇਰੇ ਜਾਣਕਾਰੀ ਲਈ 98789-03224 ਤੇ ਸੰਪਰਕ ਕਰ ਸਕਦੇ ਹਨ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.