May 22, 2024

ਵੱਖ ਵੱਖ ਮਾਪਦੰਡਾਂ ਵਿੱਚ 3 ਸਟਾਰ ਰੈਂਕ ਹਾਸਲ ਕਰਨ ਵਾਲੇ ਸਕੂਲ ਸਵੱਛ ਵਿਦਿਆਲਾ ਪੁਰਸਕਾਰ ਨਾਲ ਸਨਮਾਨਿਤ 

1 min read

30 ਹੋਰ ਸਕੂਲਾਂ ਨੂੰ ਵੱਖ-ਵੱਖ ਪੈਮਾਨਿਆਂ ‘ਤੇ ਸਰਵੋਤਮ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ 

ਮੋਗਾ, 8 ਜੂਨ (ਜਗਰਾਜ ਸਿੰਘ ਗਿੱਲ)

ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਧੀਨ ਸਕੂਲ ਸਿੱਖਿਆ ਵਿਭਾਗ ਅਤੇ ਸਾਖਰਤਾ ਅਭਿਆਨ ਦੇ ਸਾਂਝੇ ਸਕੱਤਰ ਮਨੀਸ਼ ਗਰਗ ਦੀ ਪ੍ਰੇਰਨਾਦਾਇਕ ਅਗਵਾਈ ਵਿੱਚ ਮੋਗਾ ਜ਼ਿਲ੍ਹਾ ਵਿੱਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਇੱਕ ਸ਼ਾਨਦਾਰ ਪ੍ਰੋਗਰਾਮ ਵਿੱਚ ਜ਼ਿਲ੍ਹਾ ਪੱਧਰ ‘ਤੇ ਸਾਲ 2021- 2022 ਲਈ ਵੱਖ-ਵੱਖ ਮਾਪਦੰਡਾਂ ਨੂੰ ਲੈ ਕੇ ਵਧੀਆ ਪ੍ਰਦਰਸ਼ਨ ਕਰਦਿਆਂ 3 ਸਟਾਰ ਜਾਂ ਉਪਰਲੇ ਮਾਪਦੰਡਾਂ ਨੂੰ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਸਵੱਛ ਵਿਦਿਆਲਾ ਪੁਰਸਕਾਰ 2021-2022 ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਇਨਾਮਾਂ ਦਾ ਮੁੱਖ ਉਦੇਸ਼ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨਿੱਜੀ ਅਤੇ ਜਨਤਕ ਸਫ਼ਾਈ ਪ੍ਰਤੀ ਜਨਜਾਗ੍ਰਿਤੀ ਨੂੰ ਲਾਗੂ ਕਰਨਾ ਹੈ।

ਅੱਜ ਜ਼ਿਲ੍ਹਾ ਮੋਗਾ ਦੇ ਕੁੱਲ 38 ਸਕੂਲਾਂ ਦੇ ਸਕੂਲ ਪ੍ਰਬੰਧਕਾਂ, ਸਿੱਖਿਆ ਮਾਹਿਰਾਂ, ਮੁੱਖੀਆਂ, ਅਧਿਆਪਕਾਂ ਅਤੇ ਲੋਕ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਭਵਿੱਖ ਵਿੱਚ ਹਰ ਤਰ੍ਹਾਂ ਦੇ ਮਾਹੌਲ ਨੂੰ ਮਨੁੱਖੀ ਜਾਂ ਕੁਦਰਤੀ ਆਪਦਾਵਾਂ ਅਤੇ ਸਥਿਤੀਆਂ ਤੋਂ ਬਚਾਉਣ ਲਈ ਕੁਦਰਤੀ ਸੰਸਾਧਨਾਂ ਅਤੇ ਵਧੇਰੇ ਸੰਵਰਧਨਾਂ ਨੂੰ ਬਲ ਦਿੱਤਾ। ਜਲ, ਵਾਯੂ, ਜੀਵ ਜੰਤੂ, ਬਨਸਪਤੀ, ਊਰਜਾ ਦੀ ਪਰੰਪਰਾਗਤ ਸਾਧਨਾਂ ਲਈ ਉਪਯੁਕਤ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਸਫ਼ਾਈ ਦੇ ਮਾਧਿਅਮ ਤੋਂ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਲਈ ਤਿਆਰ ਕਰਨਾ ਚਾਹੀਦਾ ਹੈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸੁਸ਼ੀਲ ਕੁਮਾਰ ਤੁਲੀ , ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਵਰਿੰਦਰ ਪਾਲ ਸਿੰਘ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਮੱਕੜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰੀਤ ਕੌਰ ਨੇ ਵਿਸਥਾਰ ਸਹਿਤ ਸਵੱਛ ਵਿਦਿਆਲਾ ਪੁਰਸਕਾਰ ਅਵਾਰਡ ਦੇ ਮਾਧਿਅਮ ਤੋਂ ਹਰ ਇੱਕ ਸਕੂਲ ਅਤੇ ਵਿਦਿਆਰਥੀ ਦੀ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਸਾਂਝੇ ਕੀਤੇ।

ਡਿਪਟੀ ਕਮਿਸ਼ਨਰ ਨੇ ਹਾਜ਼ਰ ਸਿੱਖਿਆ ਅਧਿਕਾਰੀਆਂ ਦੁਆਰਾ ਉਪਲੱਬਧ ਸੰਸਾਧਨਾਂ ਦੇ ਢੁਕਵੇਂ ਉਪਯੋਗ ਸਦਕਾ ਜ਼ਿਲ੍ਹਾ ਮੋਗਾ ਦੇ ਸਕੂਲਾਂ ਦਾ ਪੰਜਾਬ ਭਰ ਵਿੱਚ ਪੰਜਵੇਂ ਸਥਾਨ ‘ਤੇ ਆਉਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਸਿਖਰਲੇ ਸਥਾਨ ‘ਤੇ ਪਹੁੰਚ ਕਰਨ ਲਈ ਮਾਰਗਦਰਸ਼ਨ ਕੀਤਾ।

ਇਸ ਮੌਕੇ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੇ 8 ਸਕੂਲਾਂ ਨੂੰ ਸਾਰੇ ਨਿਰਧਾਰਿਤ ਮਾਪਦੰਡਾਂ ‘ਚ ਵਧੀਆ ਪ੍ਰਦਰਸ਼ਨ ਲਈ ਓਵਰਆਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਜਦੋਂਕਿ 30 ਹੋਰ ਸਕੂਲਾਂ ਨੂੰ ਵੱਖ-ਵੱਖ ਪੈਮਾਨਿਆਂ ‘ਤੇ ਸਰਵੋਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਮਾਰਟ ਸਕੂਲ ਕੋਆਰਡਾਈਨ ਅਵਤਾਰ ਕਰੀਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ, ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਮੰਜੀਤ ਸਿੰਘ, ਐਮ.ਆਈ.ਐਸ. ਵਿੰਗ ਕੋਆਰਡੀਨੇਟਰ ਜੈਵਲ ਜੈਨ, ਮਨਜੀਤ ਕੌਰ ਦਵਿੰਦਰ ਪਾਲ ਸਿੰਘ ਰਿੰਪੀ, ਸੋਸ਼ਲ ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸਿਪਲ, ਸਕੂਲ ਅਧਿਆਪਕ ਅਤੇ ਪ੍ਰਤੀਨਿਧੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.