May 24, 2024

ਵੋਟਾਂ ਦੀ ਗਿਣਤੀ 10 ਮਾਰਚ ਨੂੰ, ਸਾਰੇ ਪ੍ਰਬੰਧ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ

1 min read

 

ਪੰਜਾਬ ਵਿਧਾਨ ਸਭਾ ਚੋਣਾਂ-2022

ਵੋਟਾਂ ਦੀ ਗਿਣਤੀ 10 ਮਾਰਚ ਨੂੰ, ਸਾਰੇ ਪ੍ਰਬੰਧ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ

– 42 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੀਆਂ 5 ਲੱਖ, 58 ਹਜ਼ਾਰ 417 ਵੋਟਾਂ

– ਪੁਲਿਸ ਪ੍ਰਸਾਸ਼ਨ ਗਿਣਤੀ ਨੂੰ ਅਮਨ ਅਮਾਨ ਅਤੇ ਪਾਰਦਰਸ਼ਤਾ ਨਾਲ ਕਰਾਉਣ ਲਈ ਦ੍ਰਿੜ ਸੰਕਲਪ – ਜ਼ਿਲ੍ਹਾ ਪੁਲਿਸ ਮੁਖੀ

ਮੋਗਾ, 8 ਮਾਰਚ (ਜਗਰਾਜ ਸਿੰਘ ਗਿੱਲ) – ਪੰਜਾਬ ਵਿਧਾਨ ਸਭਾ ਚੋਣਾਂ-2022 ਤਹਿਤ ਜ਼ਿਲ੍ਹਾ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਮਿਤੀ 10 ਮਾਰਚ ਦਿਨ ਵੀਰਵਾਰ ਨੂੰ ਸਥਾਨਕ ਆਈ ਟੀ ਆਈ, ਮੋਗਾ ਵਿਖੇ ਕੀਤੀ ਜਾਣੀ ਹੈ। ਗਿਣਤੀ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਚਾਰੇ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਥਾਨਕ ਆਈ ਟੀ ਆਈ ਵਿਖੇ ਵੱਖ-ਵੱਖ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਇਹਨਾਂ ਗਿਣਤੀ ਕੇਂਦਰਾਂ ਵਿੱਚ ਗਿਣਤੀ ਪੱਖੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਹਨਾਂ ਦੱਸਿਆ ਕਿ ਚਾਰੇ ਹਲਕਿਆਂ ਲਈ ਚੋਣ ਲੜਨ ਵਾਲੇ 42 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 5 ਲੱਖ, 58 ਹਜ਼ਾਰ 417 ਵੋਟਾਂ ਕਰਨਗੀਆਂ ਜਦਕਿ 5741 ਪੋਸਟਲ ਬੈਲਟ ਪੇਪਰ ਵੀ ਜਾਰੀ ਕੀਤੇ ਗਏ ਹਨ ਜਿਹਨਾਂ ਵਿੱਚੋਂ ਖ਼ਬਰ ਲਿਖੇ ਜਾਣ ਤੱਕ 2286 ਪ੍ਰਾਪਤ ਹੋ ਚੁੱਕੇ ਹਨ। ਸਾਰੇ ਨਤੀਜੇ ਦੁਪਹਿਰ 12 ਵਜੇ ਤੱਕ ਸਪੱਸ਼ਟ ਹੋ ਜਾਣ ਦੀ ਸੰਭਾਵਨਾ ਹੈ।

ਉਹਨਾਂ ਕਿਹਾ ਕਿ ਸਾਰੇ 4 ਹਲਕਿਆਂ ਲਈ ਪ੍ਰਤੀ ਹਲਕਾ 63 ਦੇ ਹਿਸਾਬ ਨਾਲ ਕੁੱਲ 252 ਗਿਣਤੀ ਸਟਾਫ ਦਿੱਤਾ ਗਿਆ ਹੈ। ਹਰੇਕ ਹਲਕੇ ਵਿੱਚ 14-14 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ 5-5 ਵਾਧੂ ਰਿਜ਼ਰਵ ਟੀਮਾਂ ਦਿੱਤੀਆਂ ਗਈਆਂ ਹਨ। ਇੱਕ ਟੀਮ ਵਿੱਚ ਇੱਕ ਮਾਈਕਰੋ ਆਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜ਼ਰ, ਇੱਕ ਸਹਾਇਕ ਕਾਊਂਟਿੰਗ ਸੁਪਰਵਾਈਜ਼ਰ ਲਗਾਏ ਗਏ ਹਨ। ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਚਾਰ ਮੈਂਬਰੀ ਚਾਰ ਟੀਮਾਂ ਲਗਾਈਆਂ ਗਈਆਂ ਹਨ, ਜਦਕਿ ਇੱਕ- ਇੱਕ ਟੀਮ ਰਿਜ਼ਰਵ ਰੱਖੀ ਗਈ ਹੈ। ਸਾਰੇ ਗਿਣਤੀ ਕੇਂਦਰਾਂ ‘ਤੇ ਤਾਇਨਾਤ ਕਾਊਂਟਿੰਗ ਆਬਜ਼ਰਵਰਾਂ ਲਈ ਇੱਕ-ਇੱਕ ਸਹਾਇਕ ਦਿੱਤਾ ਗਿਆ ਹੈ, ਇਹਨਾਂ ਸਾਰਿਆਂ ਤੋਂ ਇਲਾਵਾ ਰਿਜ਼ਰਵ ਪੂਲ ਵਿੱਚ ਵੀ ਸਟਾਫ਼ ਰੱਖਿਆ ਗਿਆ ਹੈ।

ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਐਂਟਰੀ ਲਈ ਸਿਰਫ ਮੁੱਖ ਗੇਟ ਦੀ ਹੀ ਵਰਤੋਂ ਕੀਤੀ ਜਾ ਸਕੇਗੀ। ਮੀਡੀਆ ਕਰਮੀਆਂ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ। ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ। ਉਥੇ ਸਿਰਫ਼ ਗਿਣਤੀ ਕਰਨ ਵਾਲਾ ਸਟਾਫ਼, ਸੁਰੱਖਿਆ ਕਰਮੀ, ਚੋਣ ਅਫ਼ਸਰ, ਆਬਜ਼ਰਵਰ, ਮੀਡੀਆ ਕਰਮੀ, ਉਮੀਦਵਾਰ, ਪੋਲਿੰਗ ਏਜੰਟ ਹੀ ਜਾ ਸਕਦੇ ਹਨ, ਜਿਹਨਾਂ ਲਈ ਵੀ ਆਪਣਾ ਐਂਟਰੀ ਪਾਸ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ।

ਇਸ ਤੋਂ ਇਲਾਵਾ ਪੁਲਿਸ ਪ੍ਰਬੰਧਾਂ ਵਿੱਚ ਪੁਲਿਸ ਪ੍ਰਸਾਸ਼ਨ ਵੱਲੋਂ 2 ਐੱਸ. ਪੀ. ਪੱਧਰ ਦੇ ਅਫ਼ਸਰ, 10 ਡੀ. ਐੱਸ. ਪੀ. ਪੱਧਰ ਦੇ ਅਫ਼ਸਰ, 22 ਇੰਸਪੈਕਟਰ, 120 ਸਹਾਇਕ ਸਬ ਇੰਸਪੈਕਟਰ, 409 ਸਿਪਾਹੀ, 134 ਮਹਿਲਾ ਸਿਪਾਹੀ, 32 ਟ੍ਰੈਫਿਕ ਮੁਲਾਜ਼ਮ (ਕੁੱਲ 727 ਨਫਰੀ) ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਸ੍ਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਪ੍ਰਸਾਸ਼ਨ ਇਸ ਗਿਣਤੀ ਨੂੰ ਅਮਨ ਅਮਾਨ ਅਤੇ ਪਾਰਦਰਸ਼ਤਾ ਨਾਲ ਕਰਾਉਣ ਲਈ ਦ੍ਰਿੜ ਸੰਕਲਪ ਹੈ।

ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ, ਸਮੂਹ ਰਿਟਰਨਿੰਗ ਅਫ਼ਸਰ, ਚੋਣ ਨੋਡਲ ਅਫ਼ਸਰ ਅਤੇ ਸਹਾਇਕ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.