May 24, 2024

ਸਕੂਲਾਂ ਵਿੱਚ ਮੁੜ ਲੱਗਣੇ ਸ਼ੁਰੂ ਹੋਣਗੇ ਟੈਟਨਸ ਅਤੇ ਗਲਘੋਟੂ ਦੇ ਟੀਕੇ

1 min read

ਕਰੋਨਾ ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਨ ਰੋਕ ਦਿੱਤਾ ਗਿਆ ਸੀ ਟੀਕਾਕਰਨ

ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਟੀਕਾਕਰਨ ਸੈਸ਼ਨ ਆਯੋਜਿਤ ਕਰਨ ਦੇ ਹੁਕਮ

 

 

ਮੋਗਾ, 2 ਨਵੰਬਰ (ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)

 ਵਿਸ਼ਵ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਨੇ ਜਿਥੇ ਆਮ ਜਨ ਜੀਵਨ ਦੀ ਰਫ਼ਤਾਰ ਨੂੰ ਰੋਕ ਦਿੱਤਾ ਸੀ ਉਥੇ ਹੀ ਇਸ ਨਾਲ ਬੱਚਿਆਂ ਵਿੱਚ ਕੀਤੇ ਜਾਂਦੇ ਰੁਟੀਨ ਟੀਕਾਕਰਨ ਨੂੰ ਵੀ ਠੇਸ ਪੁੱਜੀ ਸੀ। ਪਰ ਹੁਣ ਪੰਜਾਬ ਸਰਕਾਰ ਨੇ ਇਹ ਟੀਕਾਕਰਨ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਸਾਡੇ ਦੇਸ਼ ਦਾ ਭਵਿੱਖ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਸਬੰਧੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਦਾ ਆਯੋਜਨ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਕੀਤੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ, ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਬਾਜਵਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

 

ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਡਾਕਟਰ ਮੇਘਾ ਪਰਕਾਸ਼ ਨੇ ਦੱਸਿਆ ਕਿ ਟੀਡੀ ਵੈਕਸੀਨ (ਟੈਟਨਸ ਅਤੇ ਡਿਪਥੀਰੀਆ ਦੀ ਬਾਲਗ ਖੁਰਾਕ) 10 ਅਤੇ 16 ਸਾਲ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪਹਿਲਾਂ ਹੀ ਰੁਟੀਨ ਵਿੱਚ ਦਿੱਤੀ ਜਾ ਰਹੀ ਸੀ। ਪਰ ਪਿਛਲੇ ਕਰੀਬ ਦੋ ਸਾਲ ਦੌਰਾਨ ਕੋਵਿਡ ਦੇ ਚੱਲਦਿਆਂ ਸਕੂਲਾਂ ਦੇ ਬੰਦ ਹੋਣ ਕਾਰਨ ਟੀਡੀ 10 ਅਤੇ 16 ਦੀ ਕਵਰੇਜ ਬਹੁਤ ਘੱਟ ਰਹੀ ਹੈ। ਇਸ ਲਈ ਪੂਰੀ ਆਬਾਦੀ ਨੂੰ ਗਲਘੋਟੁ ਬਿਮਾਰੀ ਦੇ ਮੁੜ ਪੈਦਾ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਇਹ ਯੋਜਨਾ ਬਣਾਈ ਗਈ ਹੈ ਕਿ ਦੀਵਾਲੀ ਤੋਂ ਬਾਅਦ, ਟੀਡੀ 10 ਅਤੇ 16 ਦੀ ਕਵਰੇਜ ਨੂੰ ਵਧਾਉਣ ਲਈ ਸਕੂਲਾਂ ਵਿੱਚ ਵਿਸ਼ੇਸ਼ ਟੀਕਾਕਰਨ ਸੈਸ਼ਨ ਆਯੋਜਿਤ ਕੀਤੇ ਜਾਣਗੇ। ਜ਼ਿਲ੍ਹਾ ਮੋਗਾ ਵਿੱਚ 10 ਸਾਲ ਉਮਰ ਵਾਲੇ 7844 ਅਤੇ 16 ਸਾਲ ਉਮਰ ਵਾਲੇ 8112 ਬੱਚੇ ਹਨ ਜਿਹਨਾਂ ਦਾ ਇਹ ਟੀਕਾਕਰਨ ਕੀਤਾ ਜਾਣਾ ਹੈ।

 

ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਸਿੱਖਿਆ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਸਿਹਤ ਵਿਭਾਗ ਦੀਆਂ ਅਗਵਾਈ ਲੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ। ਉਹਨਾਂ ਕਿਹਾ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਦੋਵਾਂ ਵਿਭਾਗਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਬਕਾਇਦਾ ਸਮਾਂ ਸਾਰਨੀ ਬਣਾ ਕੇ ਸਾਂਝੇ ਤੌਰ ਉੱਤੇ ਕੰਮ ਕਰਨ। ਉਹਨਾਂ ਕਿਹਾ ਕਿ ਇਸ ਸਬੰਧੀ ਬਲਾਕ ਪੱਧਰੀ ਮੀਟਿੰਗ ਕਰਕੇ ਖ਼ਾਕਾ ਤਿਆਰ ਕੀਤਾ ਜਾਵੇ।

 

ਇਸ ਮੌਕੇ ਹਾਜ਼ਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਬੁਖਾਰ ਹੈ ਅਤੇ ਉਸਦੇ ਸਰੀਰ ਉੱਤੇ ਧੱਫ਼ੜ ਜਾਂ ਰੈਸ਼ ਹਨ ਤਾਂ ਉਸਨੂੰ ਤੁਰੰਤ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਜਾਣਾ ਚਾਹੀਦਾ ਹੈ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੀਜਲ ਰੁਬੇਲਾ ਅਤੇ ਗਲਘੋਟੂ ਦੇ ਮਾਮਲੇ ਸਾਹਮਣੇ ਆਏ ਹਨ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.