May 25, 2024

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਐਨ.ਜੀ.ਓਜ਼ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

1 min read

ਪੋਲਿੰਗ ਸਟੇਸ਼ਨਾਂ ਤੇ ਵੋਟਰਾਂ/ਦਿਵਿਆਂਗਜਨਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਬਾਰੇ ਕੀਤਾ ਵਿਚਾਰ ਵਟਾਂਦਰਾ

 

ਘੱਟ ਫ਼ੀਸਦੀ ਪੋਲਿੰਗ ਵਾਲੇ ਸਟੇਸ਼ਨਾਂ ਤੇ ਵੋਟਰਾਂ ਨੂੰ ਜਾਗਰੂਕ ਕਰਨ ਦੀ ਕੀਤੀ ਹਦਾਇਤ

 

ਮੋਗਾ, 2 ਅਗਸਤ

(ਗੁਰਪ੍ਰਸਾਦ ਸਿੱਧੂ, ਕੀਤਾ ਬਾਰੇਵਾਲ)

 

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ/ਅਪਾਹਿਜ ਵੋਟਰਾਂ ਨੂੰ ਏ.ਐਮ.ਐਫ਼ (ਐਸ਼ੂਰਡ ਮਿਨੀਮਮ ਫਿਸੈਲਿਟੀ) ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵਚਨਬੱਧ ਹੈ।

 

ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਹਰਚਰਨ ਸਿੰਘ ਨੇ ਜ਼ਿਲ੍ਹਾ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ। ਉਨ੍ਹਾਂ ਵੋਟਰਾਂ/ਅਪਾਹਿਜ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਪਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਿਲ੍ਹਾ ਮੋਗਾ ਨਾਲ ਸਬੰਧਤ ਸਮੂਹ ਐਨ.ਜੀ.ਓਜ਼ ਦੇ ਨੁਮਾਇੰਦਿਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਦਿਵਿਆਂਗ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਦਾ ਵੀ ਮਜ਼ਬੂਤ ਲੋਕਤੰਤਰ ਵਿੱਚ ਹਿੱਸਾ ਪਾਉਣਾ ਉਨ੍ਹਾਂ ਹੀ ਜਰੂਰੀ ਹੈ ਜਿੰਨ੍ਹਾਂ ਕਿ ਬਾਕੀ ਸਾਰਿਆਂ ਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਹਰੇਕ ਚੋਣਾਂ ਵਿੱਚ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿਲ੍ਹਾ ਦੇ ਦਿਵਿਆਂਗ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ, ਬਿਨ੍ਹਾਂ ਵਾਧੂ ਸਮਾਂ ਲਗਾਏ ਆਪਣੀ ਵੋਟ ਪਾ ਕੇ ਜਲਦੀ ਘਰ ਨੂੰ ਜਾਣ। ਦਿਵਿਆਂਗ ਵੋਟਰਾਂ ਦੀ ਵੋਟਿੰਗ ਪ੍ਰਕਿਰਿਆ ਨੂੰ ਸੁਖਾਲਾ ਕਰਨ ਲਈ ਜ਼ਿਲ੍ਹਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ ਤੇ ਘੱਟ ਤੋਂ ਘੱਟ ਮਿਲਣ ਵਾਲੀਆਂ ਜਰੂਰੀ ਸਹੂਲਤਾਂ ਜਿਵੇਂ ਕਿ ਬਿਜਲੀ, ਪਾਣੀ, ਵੀਲ੍ਹਚੇਅਰ, ਰੈਂਪ, ਸੈਨੀਟਾਈਜੇਸ਼ਨ ਆਦਿ ਦੇ ਪ੍ਰਬੰਧ ਨੂੰ ਵੀ ਯਕੀਨੀ ਬਣਾਇਆ ਜਾਵੇਗਾ।

ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਮਿਤੀ 10 ਅਗਸਤ, 2021 ਤੱਕ ਜਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ/ਸਹਾਇਕ ਪੋਲਿੰਗ ਸਟੇਸ਼ਨਾਂ ਦੀ ਚੈਕਿੰਗ ਕਰਨ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ।

ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2019 ਵਿੱਚ ਜਿੰਨ੍ਹਾਂ ਪੋਲਿੰਗ ਸਟੇਸ਼ਨਾਂ ਤੇ 50 ਫੀਸਦੀ ਤੋਂ ਘੱਟ ਵੋਟਾਂ ਪੋਲ ਹੋਈਆਂ ਸਨ, ਉਨ੍ਹਾਂ ਤੇ ਪੋਲ ਫ਼ੀਸਦ ਵਧਾਉਣ ਸਬੰਧੀ ਐਨ.ਜੀ.ਓਜ਼ ਦੇ ਅਧੀਨ ਪਿੰਡਾਂ/ਸ਼ਹਿਰਾਂ ਵਿੱਚ ਵੱਖ-ਵੱਖ ਚੱਲ ਰਹੀਆਂ ਲੋਕ ਭਲਾਈ ਸੰਸਥਾਵਾਂ ਨਾਲ ਤਾਲਮੇਲ ਕਰਕੇ ਵੋਟਰਾਂ ਨੂੰ ਵੋਟ ਪਾਉਣ ਅਤੇ ਵੱਧ ਤੋਂ ਵੱਧ ਵੋਟਾਂ ਬਣਾਉਣ ਸਬੰਧੀ ਜਾਗਰੂਕ ਕਰਨ ਸਬੰਧੀ ਉਪਰਾਲੇ ਕਰਨ ਲਈ ਕਿਹਾ ਗਿਆ ਹੈ।

ਇਸ ਮੀਟਿੰਗ ਵਿੱਚ ਸਮੂਹ ਚੋਣ ਵਿਭਾਗ ਦਾ ਸਟਾਫ਼ ਅਤੇ ਐਸ.ਕੇ. ਬਾਂਸਲ, ਤੇਜਿੰਦਰਪਾਲ ਸਿੰਘ, ਦੀਪਕ ਅਰੋੜਾ, ਰਾਜੀਵ ਗੁਲਾਟੀ, ਓ.ਪੀ. ਕੁਮਾਰ, ਭਾਵਨਾ ਬਾਂਸਲ, ਲਵਲੀ ਸਿੰਗਲਾ, ਪੀ.ਵੀ. ਗੁਪਤਾ, ਅਨਮੋਲ ਸ਼ਰਮਾ, ਚਮਨ ਲਾਲ ਗੋਇਲ, ਸੋਨੂ ਸਚਦੇਵਾ ਅਤੇ ਵੇਦ ਪ੍ਰਕਾਸ਼ ਸੇਠੀ ਐਨ.ਜੀ.ਓਜ਼ ਮੈਂਬਰ ਸ਼ਾਮਲ ਸਨ।

ਅੰਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਸਮੂਹ ਐਨ.ਜੀ.ਓਜ਼ ਮੈਂਬਰਾਂ ਦਾ ਧੰਨਵਾਦ ਕੀਤਾ। 

 

Leave a Reply

Your email address will not be published. Required fields are marked *

Copyright © All rights reserved. | Newsphere by AF themes.