ਮੋਗਾ 14 ਮਾਰਚ (ਮਿੰਟੂ ਖੁਰਮੀ)
ਪੰਜਾਬ ਸਰਕਾਰ ਔਰਤਾਂ ਦੇ ਸ਼ਸਕਤੀਕਰਨ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ ਅਤੇ `ਪੋਸ਼ਣ ਅਭਿਆਨ` ਤਹਿਤ ਜ਼ਿਲ੍ਹੇ ਦੇ 0 ਤੋ 6 ਸਾਲ ਦੇ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਊ ਮਾਵਾਂ ਦੀ ਪੋਸ਼ਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿੱਚ ਸ਼ੁਰੂ ਹੋਇਆ ਪੋਸ਼ਣ ਪੰਦਰਵਾੜਾ ਜੋ ਕਿ 22 ਮਾਰਚ ਤੱਕ ਮਨਾਇਆ ਜਾ ਰਿਹਾ ਹੈ, ਅਧੀਨ ਵੱਖ ਵੱਖ ਗਤੀਵਿਧੀਆਂ ਜਾਰੀ ਹਨ।
ਅੱਜ ਪੰਦਰਵਾੜੇ ਦੇ ਪੰਜਵੇਂ ਦਿਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ ਦੀ ਅਗਵਾਈ ਵਿੱਚ ਭਾਰਤ ਦੇ ਬੱਚਿਆਂ, ਕਿਸ਼ੋਰਾਂ ਅਤੇ ਮਹਿਲਾਵਾਂ ਨੂੰ ਕੁਪੋਸ਼ਣ ਮੁਕਤ, ਸਿਹਤਮੰਦ ਅਤੇ ਮਜ਼ਬੂਤ ਬਣਾਉਣ ਦਾ ਪ੍ਰਣ ਲਿਆ। ਇਸ ਪ੍ਰਣ ਵਿੱਚ ਉਪ ਮੰਡਲ ਮੈਜਿਸਟੇ੍ਰਟ ਬਾਘਾਪੁਰਾਣਾ ਸਵਰਨਜੀਤ ਕੌਰ, ਉਪ ਮੰਡਲ ਮੈਜਿਸਟੇ੍ਰਟ ਨਿਹਾਲ ਸਿੰਘ ਵਾਲਾ ਰਾਮ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਅਤੇ ਸਵੱਛ ਭਾਰਤ ਪੇ੍ਰਰਕ ਮਨਕੀਰਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ ਵੱਲੋਂ ਦੱਸਿਆ ਗਿਆ ਕਿ ਸਮੂਹ ਸਬੰਧਤ ਵਿਭਾਗਾਂ ਜਿਨ੍ਹਾਂ ਦੀਆਂ ਗਤੀਵਿਧੀਆਂ ਐਕਸ਼ਨ ਪਲਾਨ ਮੁਤਾਬਕ ਨਿਸ਼ਚਿਤ ਕੀਤੀਆਂ ਗਈਆਂ ਹਨ, ਉਹ ਜ਼ਿਲ੍ਹਾ ਮੋਗਾ ਦੇ ਸਬੰਧਤ ਉਪ ਮੰਡਲ ਮੈਜਿਸਟੇ੍ਰਟਾਂ ਦੀ ਅਗਵਾਈ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਸਾਂਝੇ ਪੋਸ਼ਣ ਅਭਿਆਨ ਦੀ ਜਾਗਰੂਕਤਾ ਦੇਣ ਲਈ ਉਪਰਾਲੇ ਕਰਨਗੇ। ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੁੱਖ ਮੰਤਵ ਔਰਤਾਂ, ਬੱਚਿਆਂ ਅਤੇ ਕਿਸ਼ੋਰੀ ਲੜਕੀਆਂ ਨੂੰ ਅਨੀਮੀਆ ਤੋਂ ਮੁਕਤ ਕਰਨਾ, ਬੋਨਾਪਨ ਖਤਮ ਕਰਨਾ ਅਤੇ ਕੁਪੋਸ਼ਣ ਨੂੰ ਖਤਮ ਕਰਨਾ ਹੈ।ਇਸ ਪੋਸ਼ਣ ਅਭਿਆਨ ਦੇ ਪੰਦਰਵਾੜੇ ਦੌਰਾਨ ਵੱਖ-ਵੱਖ ਵਿਭਾਗ ਐਕਸ਼ਨ ਪਲਾਨ ਤਹਿਤ ਕੀਤੀਆਂ ਗਤੀਵਿਧੀਆਂ ਵਾਲੇ ਦਿਨ ਹਰ ਪਿੰਡ ਵਿੱਚ ਜਾਗਰੂਕਤਾ ਪ੍ਰਤੀ ਆਪਣਾ-ਆਪਣਾ ਯੋਗਦਾਨ ਪਾਉਣਗੇ, ਤਾਂ ਜ਼ੋ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੀਟਿੰਗ ਵਿੱਚ ਜਿੱਥੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਪੰਦਰਵਾੜੇ ਦਾ ਰਿਵਿਊ ਕੀਤਾ ਗਿਆ, ਉੱਥੇ ਹੀ ਮੀਟਿੰਗ ਵਿੱਚ ਹਾਜ਼ਰ ਸਮੂਹ ਉਪ ਮੰਡਲ ਮੈਜਿਸਟੇ੍ਰਟ ਸਾਹਿਬਾਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਪੋਸ਼ਣ ਅਭਿਆਨ ਦੇ ਪੰਦਰਵਾੜੇ ਨੂੰ ਘਰ-ਘਰ ਚੇਤਨਾ ਮੁਹਿੰਮ ਬਣਾਉਣ ਲਈ ਆਪਣੇ ਨਿੱਜੀ ਸੁਝਾਅ ਦਿੱਤੇ।