ਮੋਗਾ, 17 ਨਵੰਬਰ
/ਜਗਰਾਜ ਸਿੰਘ ਗਿੱਲ/
ਮਜ਼ਬੂਤ ਲੋਕਤੰਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੇ ਅਵਸਰ ਵਿੱਚ ਹਿੱਸਾ ਲੈਣ ਲਈ ਹਰ ਇੱਕ ਯੋਗ ਉਮੀਦਵਾਰ ਦੀ ਵੋਟ ਜਰੂਰ ਬਣੀ ਹੋਣੀ ਚਾਹੀਦੀ ਹੈ। ਭਾਰਤ ਚੋਣ ਕਮਿਸ਼ਨ ਵੱਲੋ ਯੋਗਤਾ ਮਿਤੀ 01 ਜਨਵਰੀ, 2021 ਦੇ ਆਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਜਿਨ੍ਹਾਂ ਨਾਗਰਿਕਾਂ ਦੀ ਉਮਰ 1 ਜਨਵਰੀ, 2021 ਨੂੰ 18 ਸਾਲ ਜਾਂ ਇਸ ਤੋ ਵੱਧ ਬਣਦੀ ਹੈ ਅਤੇ ਉਨ੍ਹਾਂ ਨੇ ਵੋਟ ਨਹੀ ਬਣਾਈ ਉਨ੍ਹਾਂ ਲਈ ਭਾਰਤ ਚੋਣ ਕਮਿਸ਼ਨ ਵੱਲੋਂ 16 ਨਵੰਬਰ, 2020 ਤੋਂ 15 ਦਸੰਬਰ, 2020 ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਜਿਸ ਤਹਿਤ ਨਵੀਆਂ ਵੋਟਾਂ ਬਣਾਉਣ ਅਤੇ ਪੁਰਾਣੀਆ ਵੋਟਾਂ ਦੀ ਸੁਧਾਈ ਜਾਂ ਪੁਰਾਣੀਆਂ ਵੋਟਾਂ ਨੂੰ ਕਟਵਾਉਣ ਆਦਿ ਦਾ ਕੰਮ ਬੂਥ ਲੈਵਲ ਅਫ਼ਸਰਾਂ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਉਪਰੋਕਤ ਮਿਤੀਆਂ ਵਿਚਕਾਰ ਉਮੀਦਵਾਰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਆਪਣੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਜਾ ਕੇ ਆਪਣੀ ਨਵੀਂ ਵੋਟ ਦਾ ਫਾਰਮ ਭਰ ਕੇ ਦੇ ਸਕਦੇ ਹਨ।ਇਸ ਤੋ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਤੇ ਜਾ ਕੇ ਆਨਲਾਈਨ ਵੀ ਫਾਰਮ ਭਰਿਆ ਜਾ ਸਕਦਾ ਹੈ। ਜੇਕਰ ਫਿਰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਉਮੀਦਵਾਰ ਨੂੰ ਕਰਨਾ ਪੈਂਦਾ ਹੈ ਤਾਂ 1950 ਟੋਲ ਫ੍ਰੀ ਨੰਬਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਾਗਰਿਕ ਆਪਣੀ ਵੋਟਰ ਆਈ ਡੀ ਵਿੱਚ ਦਰਜ ਐਪਿਕ ਨੰਬਰ ਨੂੰ ਐਨ.ਵੀ. ਐਸ.ਪੀ. ਪੋਰਟਲ ਉੱਪਰ ਭਰ ਕੇ ਵੀ ਆਪਣੀ ਵੋਟ ਵਿੱਚ ਸੁਧਾਈ ਸਬੰਧੀ ਫਾਰਮ ਜਿਵੇਂ ਕਿ ਫਾਰਮ ਨੰਬਰ 6, 6 ਏ, 7, 8, 8 ਏ ਭਰ ਸਕਦਾ ਹੈ।
ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ 21 ਅਤੇ 22 ਤਰੀਖ ਨੂੰ ਅਤੇ ਦਸੰਬਰ ਮਹੀਨੇ ਵਿੱਚ 5 ਅਤੇ 6 ਦਸੰਬਰ ਨੂੰ ਜਿਲ੍ਹਾ ਮੋਗਾ ਦੇ ਸਮੂਹ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠਣਗੇ। ਉਮੀਦਵਾਰ ਇਨ੍ਹਾਂ ਤਾਰੀਖਾਂ ਨੂੰ ਆਪਣੇ ਘਰ ਦੇ ਨੇੜੇ ਦੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਬੂਥ ਲੈਵਲ ਅਫਸਰ ਪਾਸ ਵੀ ਫਾਰਮ ਭਰ ਕੇ ਦੇ ਸਕਦੇ ਹਨ। ਇਸ ਸਮੇ ਦੌਰਾਨ ਜੇਕਰ ਕਿਸੇ ਵੀ ਵੋਟਰ ਨੂੰ ਆਪਣੇ ਵੋਟਰ ਕਾਰਡ ਵਿੱਚ ਕੋਈ ਵੀ ਦਰੁਸਤੀ ਕਰਵਾਉਣੀ ਹੈ ਜਾਂ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦੇ ਹਨ। ਅਖੀਰ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਮੋਗਾ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਇਸ ਸੁਨਿਹਰੀ ਮੌਕੇ ਦਾ ਵੱਧ ਤੋ ਵੱਧ ਲਾਭ ਉਠਾਇਆ ਜਾਵੇ ਅਤੇ ਜਿਨ੍ਹਾਂ ਨਾਗਰਿਕਾਂ ਦੀਆਂ ਵੋਟਾਂ ਨਹੀ ਬਣੀਆਂ ਜਰੂਰ ਬਣਾ ਲਈਆਂ ਜਾਣ।