ਮੋਗਾ, 21 ਫਰਵਰੀ (ਜਗਰਾਜ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਚੋਣਾਂ-2022 ਤਹਿਤ ਜ਼ਿਲ੍ਹਾ ਮੋਗਾ ਲਈ ਵੋਟਾਂ ਪਾਉਣ ਦਾ ਕੰਮ ਅੱਜ ਪੂਰਨ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ੍ਹ ਗਿਆ। ਜ਼ਿਲ੍ਹਾ ਮੋਗਾ ਅਧੀਨ ਪੈਂਦੇ 4 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 73.97 ਫੀਸਦੀ ਤੋਂ ਵਧੇਰੇ ਵੋਟਿੰਗ ਦਰਜ ਕੀਤੀ ਗਈ।
ਵੋਟ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਵਿੱਚ 71.06 ਫੀਸਦੀ, ਬਾਘਾਪੁਰਾਣਾ ਵਿੱਚ 77.15 ਫੀਸਦੀ, ਮੋਗਾ ਵਿੱਚ 70.63 ਫੀਸਦੀ ਅਤੇ ਧਰਮਕੋਟ ਵਿੱਚ 77.88 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਸ੍ਰੀ ਨਈਅਰ ਨੇ ਜ਼ਿਲ੍ਹਾ ਮੋਗਾ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜ੍ਹਨ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵੋਟਰਾਂ, ਚੋਣ ਅਮਲਾ ਅਤੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਬੜ੍ਹੀ ਤਤਪਰਤਾ ਨਾਲ ਆਪਣੀ-ਆਪਣੀ ਜਿੰਮੇਵਾਰੀ ਨਿਭਾਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਲਈ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕੁੱਲ 42 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਅੱਜ ਜ਼ਿਲ੍ਹਾ ਮੋਗਾ ਦੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਵੋਟਾਂ ਦੀ ਗਿਣਤੀ 10 ਮਾਰਚ ਨੂੰ ਆਈ. ਟੀ. ਆਈ. ਮੋਗਾ ਵਿਖੇ ਹੋਵੇਗੀ
ਸ਼੍ਰੀ ਨਈਅਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਸਥਾਨਕ ਜੀ. ਟੀ. {ਰੋਡ ਸਥਿਤ ਆਈ. ਟੀ. ਆਈ. ਵਿਖੇ ਕੀਤੀ ਜਾਵੇਗੀ। ਗਿਣਤੀ ਸ਼ੁਰੂ ਹੋਣ ਦਾ ਸਮਾਂ ਸਵੇਰੇ 8 ਵਜੇ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋੜੀਂਦੀ ਗਿਣਤੀ ਲਈ ਸਟਾਫ਼ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਜਲਦ ਹੀ ਗਿਣਤੀ ਸੰਬੰਧੀ ਰਿਹਰਸਲਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਤੋਂ ਵੋਟਾਂ ਵਾਲੇ ਦਿਨ ਦੀ ਤਰ੍ਹਾਂ ਗਿਣਤੀ ਵਾਲੇ ਦਿਨ ਵੀ ਸਹਿਯੋਗ ਦੀ ਉਮੀਦ ਕੀਤੀ।
ਜ਼ਿਲ੍ਹਾ ਮੋਗਾ ਵਿੱਚ 73.97 ਫੀਸਦੀ ਤੋਂ ਵਧੇਰੇ ਮਤਦਾਨ
ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜ੍ਹਿਆ
– ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਅਤੇ ਚੋਣ ਅਮਲੇ ਦਾ ਧੰਨਵਾਦ