ਮੋਗਾ 8 ਨਵੰਬਰ (ਮਿੰਟੂ ਖੁਰਮੀ ਕੁਲਦੀਪ ਨਿਹਾਲ ਸਿੰਘ ਵਾਲਾ) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੇ ਦੱਸਿਆ ਕਿ ਜਿਲੇ ‘ਚ 13 ਨਵੰਬਰ ਤੋਂ 19 ਨਵੰਬਰ, 2019 ਤੱਕ (ਸਿਵਾਏ 16 ਅਤੇ 17 ਨਵੰਬਰ ਛੁੱਟੀ ਹੋਣ ਕਾਰਣ) ਬਾਲ ਅਤੇ ਕਿਸ਼ੋਰ (ਅਡੋਲਸੈਂਟ) ਮਜਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਲ ਮਜਦੂਰੀ ਖਾਤਮੇ ਸਬੰਧੀ ਜਿਲੇ ਦੀਆਂ ਸਮੂਹ ਸਬ-ਡਵੀਜਨਾਂ ਦੇ ਉਪ ਮੰਡਲ ਮੈਜਿਸਟ੍ਰੇਟਾਂ ਦੀ ਅਗਵਾਈ ਵਿੱਚ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਚੈਕਿੰਗ ਟੀਮਾਂ ਨਾਲ ਪੁਲਿਸ ਵਿਭਾਗ ਦੇ ਕ੍ਰਮਚਾਰੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੰਨਾ ਟੀਮਾਂ ਵੱਲੋਂ ਸਾਂਝੇ ਤੌਰ ‘ਤੇ 13 ਨਵੰਬਰ ਤੋਂ 19 ਨਵੰਬਰ ਤੱਕ ਹੋਟਲਾਂ ਰੈਸਟੋਰੈਂਟਾਂ ਢਾਬਿਆਂ ਚਾਹ ਦੀਆਂ ਦੁਕਾਨਾਂ, ਭੱਠਿਆਂ, ਫੈਕਟਰੀਆਂ, ਮਨ-ਪ੍ਰਚਾਵੇ ਨਾਲ ਸਬੰਧਤ ਅਦਾਰਿਆਂ ਆਦਿ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਚੈਕਿੰਗ ਕੀਤੀ ਜਾਵੇਗੀ, ਪ੍ਰੰਤੂ ਖਤਰਨਾਕ ਅਦਾਰਿਆਂ ਭੱਠਿਆਂ/ਫ਼ੈਕਟਰੀਆਂ ਆਦਿ ‘ਚ 14 ਤੋਂ 18 ਸਾਲ ਦੇ ਕਿਸੋਰ ਮਜਦੂਰਾਂ ਲਈ ਕੰਮ ਕਰਨ ਦੀ ਵੀ ਮਨਾਹੀ ਹੈ। ਸਪਤਾਹ ਦੌਰਾਨ ਘਰੇਲੂ ਕੰਮਾਂ ‘ਚ ਲੱਗੇ ਬਾਲ ਕਿਰਤੀਆਂ ਦੀ ਵੀ ਵਿਸੇਸ ਤੌਰ ‘ਤੇ ਚੈਕਿੰਗ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੰਤਵ ਲਈ ਦਫ਼ਤਰ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਖੇ ਚਾਈਲਡ ਹੈਲਪ-ਲਾਈਨ ਟੈਲੀਫ਼ੋਨ ਨੰਬਰ 01636-235158 ‘ਤੇ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪ-ਲਾਈਨ ‘ਤੇ ਜਿਲੇ ਦੀਆਂ ਬਾਲ ਮਜਦੂਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਜਾਣਗੀਆਂ।