ਮੋਗਾ, 10 ਦਸੰਬਰ (ਜਗਰਾਜ ਸਿੰਘ ਗਿੱਲ)
ਵਿਸ਼ਵ ਭਰ ਵਿੱਚ ਫੈਲੀ ਕੋਵਿਡ 19 ਮਹਾਂਮਾਰੀ ਤੋਂ ਜ਼ਿਲਾ ਮੋਗਾ ਦੇ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਮੁਫ਼ਤ ਟੀਕਾਕਰਨ (ਵੈਕਸੀਨ) ਕੀਤਾ ਜਾਣਾ ਹੈ, ਜਿਸ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਪੂਰੀ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਸਿਰੇ ਚੜਾਉਣ ਲਈ ਜ਼ਿਲਾ ਪੱਧਰੀ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਦੀ ਪਲੇਠੀ ਮੀਟਿੰਗ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੀਤੀ।
ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਸ੍ਰੀ ਹੰਸ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਤਿੰਨ ਵੈਕਸੀਨ ਦਾ ਟਰਾਇਲ ਜਾਰੀ ਹੈ, ਜਿਸ ਵਿੱਚੋਂ ਦੋ ਵੈਕਸੀਨ ਦਾ ਟਰਾਇਲ ਤਿੰਨੋਂ ਗੇੜ ਪਾਰ ਕਰ ਚੁੱਕਾ ਹੈ, ਜਦਕਿ ਇੱਕ ਵੈਕਸੀਨ ਦਾ ਟਰਾਇਲ ਅੰਤਿਮ ਗੇੜ ਵਿੱਚ ਪਹੁੰਚ ਗਿਆ ਹੈ। ਉਮੀਦ ਹੈ ਕਿ ਅਗਲੇ ਮਹੀਨੇ ਦੇਸ਼ ਭਰ ਦੇ ਲੋਕਾਂ ਨੂੰ ਲਗਾਈ ਜਾਣ ਵਾਲੀ ਵੈਕਸੀਨ ਦਾ ਐਲਾਨ ਕਰ ਦਿੱਤਾ ਜਾਵੇ, ਜਿਸ ਲਈ ਜ਼ਿਲਾ ਮੋਗਾ ਵਿੱਚ ਵੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਹ ਵੈਕਸੀਨ ਹਰੇਕ ਉਸ ਵਿਅਕਤੀ ਦੇ ਮੁਫ਼ਤ ਲਗਾਈ ਜਾਣੀ ਹੈ, ਜਿਸ ਨੂੰ ਆਧਾਰ ਕਾਰਡ ਜਾਰੀ ਹੋਇਆ ਹੈ।
ਸ੍ਰੀ ਹੰਸ ਨੇ ਦੱਸਿਆ ਕਿ ਇਹ ਵੈਕਸੀਨ ਦੇਣ ਲਈ ਵਿਸ਼ੇਸ਼ ਸਥਾਨਾਂ ਦੀ ਚੋਣ ਕੀਤੀ ਜਾਵੇਗੀ ਅਤੇ ਸਟਾਫ਼ ਦੀ ਵੀ ਵਿਸ਼ੇਸ਼ ਤੌਰ ’ਤੇ ਡਿਊਟੀ ਲਗਾਈ ਜਾਵੇਗੀ। ਉਨਾਂ ਹਦਾਇਤ ਕੀਤੀ ਕਿ ਸਥਾਨਾਂ ਦੀ ਚੋਣ ਅਤੇ ਟੀਕਾਕਰਨ ਕਰਨ ਵਾਲੇ ਸਟਾਫ਼ ਦੀ ਚੋਣ ਜਲਦ ਤੋਂ ਜਲਦ ਕਰ ਲਈ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਹਰੇਕ ਜ਼ਿਲਾ ਵਾਸੀ ਦਾ ਜਲਦ ਤੋਂ ਜਲਦ ਇਹ ਵੈਕਸੀਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ੍ਰੀ ਹੰਸ ਨੇ ਸਪੱਸ਼ਟ ਕੀਤਾ ਕਿ ਸਭ ਤੋਂ ਪਹਿਲਾਂ ਇਹ ਵੈਕਸੀਨ ਸਿਹਤ ਕਰਮੀਆਂ ਅਤੇ ਮੋਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਹੋਰ ਯੋਧਿਆਂ ਨੂੰ ਲਗਾਈ ਜਾਵੇਗੀ। ਇਸ ਉਪਰੰਤ ਬਾਕੀ ਸਾਰੇ ਜ਼ਿਲਾ ਵਾਸੀਆਂ ਦੀ ਵਾਰੀ ਆਵੇਗੀ। ਇਸ ਸੰਬੰਧੀ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ੍ਰੀ ਹੰਸ ਨੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪੂਰੀ ਪ੍ਰਕਿਰਿਆ ਵਿੱਚ ਟਾਸਕ ਫੋਰਸ ਦੇ ਹਰੇਕ ਮੈਂਬਰ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ, ਜਿਸ ਨੂੰ ਯਕੀਨੀ ਬਣਾਉਣ ਲਈ ਇੱਕ ਵਟਸਐਪ ਗਰੁੱਪ ਬਣਾਇਆ ਜਾਵੇ। ਜੇਕਰ ਕਿਸੇ ਵੀ ਅਧਿਕਾਰੀ ਨੂੰ ਕੋਈ ਵੀ ਤੌਖ਼ਲਾ ਹੋਵੇ ਤਾਂ ਉਹ ਤੁਰੰਤ ਗਰੁੱਪ ਵਿੱਚ ਸਾਂਝਾ ਕਰ ਸਕਦਾ ਹੈ। ਜਦਕਿ ਹਰੇਕ ਹਫ਼ਤੇ ਇਸ ਪ੍ਰਕਿਰਿਆ ਦੀ ਸਮੀਖਿਆ ਹੋਇਆ ਕਰੇਗੀ।
https://youtube.com/c/NewsPunjabDi