ਨੋਟਿਸ ਮਿਲਣ ਤੋਂ 15 ਦਿਨਾਂ ਦੇ ਅੰਦਰ ਆਪਣਾ ਪੱਖ ਰੱਖਿਆ ਜਾਵੇ – ਡਿਪਟੀ ਕਮਿਸ਼ਨਰ
ਮੋਗਾ, 5 ਨਵੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਲ 2017 ਵਿੱਚ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਕਰਵਾਈ ਗਈ ਪੜਤਾਲ ਦੌਰਾਨ ਜ਼ਿਲਾ ਮੋਗਾ ਵਿੱਚ 1728 ਅਯੋਗ ਲਾਭਪਾਤਰੀ ਘੋਸ਼ਿਤ ਕੀਤੇ ਗਏ ਸਨ। ਕੋਵਿਡ 19 ਮਹਾਂਮਾਰੀ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਅਜਿਹੇ ਪੈਨਸ਼ਨ ਧਾਰਕਾਂ ਨੂੰ ਆਪਣਾ ਪੱਖ ਸਬੂਤ ਸਮੇਤ ਪੇਸ਼ ਕਰਨ ਦਾ ਇੱਕ ਮੌਕਾ ਦੇਣ ਦਾ ਫੈਸਲਾ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਸਬੰਧੀ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਿਸ ਉਪਰੰਤ ਅਯੋਗ ਪੈਨਸ਼ਨਰ ਰਿਕਵਰੀ ਦੇਣ ਤੋਂ ਪਹਿਲਾਂ 15 ਦਿਨਾਂ ਦੇ ਅੰਦਰ ਅੰਦਰ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਬੂਤ ਸਮੇਤ ਆਪਣਾ ਪੱਖ ਪੇਸ਼ ਕਰ ਸਕਦੇ ਹਨ। ਜੇਕਰ ਨਿਸ਼ਚਿਤ ਸਮੇਂ ਦੇ ਦੌਰਾਨ ਆਪਣਾ ਪੱਖ ਪੇਸ਼ ਨਹੀਂ ਕੀਤਾ ਜਾਵੇਗਾ ਤਾਂ ਰਿਕਵਰੀ ਦੇ ਪੈਸੇ ਜਮਾਂ ਕਰਵਾਉਣ ਲਈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ ਨੂੰ ਗਲਤ ਜਾਣਕਾਰੀ ਦੇ ਕੇ 1728 ਲੋਕਾਂ ਵੱਲੋਂ ਬੁਢਾਪਾ ਪੈਨਸ਼ਨ ਲਗਵਾਈਆਂ ਗਈਆਂ ਸਨ। ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਬੰਧਤ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੈਨਸ਼ਨ ਧਾਰਕ ਆਪਣਾ ਪੱਖ ਰੱਖ ਸਕਣਗੇ।
ਉਨਾਂ ਹੋਰ ਦੱਸਿਆ ਕਿ ਜ਼ਿਲਾ ਮੋਗਾ ਦੇ ਕੁੱਲ ਪੈਨਸ਼ਨਰਾਂ ਦੀ ਸੰਖਿਆ 93 ਹਜ਼ਾਰ 990 ਹੈ, ਜਿੰਨਾਂ ਨੂੰ 7 ਕਰੋੜ 4 ਲੱਖ 92 ਹਜ਼ਾਰ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਲਾਭ ਪ੍ਰਾਪਤ ਹੋ ਰਿਹਾ ਹੈ। ਇਸ ਤੋਂ ਇਲਾਵਾ ਫਰਜ਼ੀ ਪੈਨਸ਼ਨਰ 1728 ਹਨ, ਜਿੰਨਾਂ ਤੋਂ 4 ਕਰੋੜ 80 ਲੱਖ 76 ਹਜ਼ਾਰ 900 ਰੁਪਏ ਦੀ ਰਾਸ਼ੀ ਦੀ ਰਿਕਵਰੀ ਕਰਨੀ ਬਣਦੀ ਹੈ। ਦੱਸਣਯੋਗ ਹੈ ਕਿ ਪ੍ਰਤੀ ਲਾਭਪਾਤਰੀ ਪ੍ਰਤੀ ਮਹੀਨਾ 750 ਰੁਪਏ ਦੀ ਪੈਨਸ਼ਨ ਰਾਸ਼ੀ ਦਿੱਤੀ ਜਾਂਦੀ ਹੈ।