ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਮੋਗਾ, 12 ਨਵੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਸ਼੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਜਨਵਰੀ, 2021 ਦੇ ਆਧਾਰ ਤੇ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਲਈ ਜਿਨ੍ਹਾਂ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ, 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ, ਨੂੰ ਆਪਣੀ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 16 ਨਵੰਬਰ, 2020 ਤੋਂ ਮਿਤੀ 15 ਦਸੰਬਰ, 2020 ਤੱਕ ਦਾ ਸਮਾਂ ਦਿੱਤਾ ਗਿਆ ਹੈ । ਇਸ ਸਮੇਂ ਦੌਰਾਨ ਕੰਮ-ਕਾਜੇ ਵਾਲੇ ਦਿਨ ਆਪਣੇ ਸਬੰਧਤ ਐੱਸ ਡੀ ਐੱਮ ਦਫ਼ਤਰ ਵਿੱਚ ਜਾ ਕੇ ਆਪਣੀ ਨਵੀ ਵੋਟ ਦਾ ਫਾਰਮ ਭਰ ਕੇ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਤੇ ਜਾ ਕੇ ਆਨਲਾਈਨ ਫਾਰਮ ਵੀ ਭਰਿਆ ਜਾ ਸਕਦਾ ਹੈ। ਅਗਰ ਫਿਰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਦੀ ਹੈ ਤਾਂ 1950 ਟੋਲ ਵੀ ਨੰਬਰ ਤੇ ਮੁਫਤ ਫੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਸ਼੍ਰੀਮਤੀ ਦਰਸ਼ੀ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜੇਕਰ ਕਿਸੇ ਵੀ ਵੋਟਰ ਨੂੰ ਆਪਣੇ ਵੋਟਰ ਕਾਰਡ ਵਿੱਚ ਕੋਈ ਵੀ ਦਰੁਸਤੀ ਕਰਵਾਉਣੀ ਹੈ ਜਾਂ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਮਿਤੀ 21 ਅਤੇ 22 ਨਵੰਬਰ ਨੂੰ ਅਤੇ ਮਿਤੀ 5 ਅਤੇ 6 ਦਸੰਬਰ, 2020 ਨੂੰ ਜ਼ਿਲ੍ਹਾ ਮੋਗਾ ਦੇ ਸਮੂਹ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠਣਗੇ। ਇਨ੍ਹਾਂ ਤਾਰੀਖਾਂ ਨੂੰ ਆਪਣੇ ਘਰ ਦੇ ਨੇੜੇ ਦੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਬੂਥ ਲੈਵਲ ਅਫਸਰ ਪਾਸ ਵੀ ਫਾਰਮ ਭਰਿਆ ਜਾ ਸਕਦਾ ਹੈ।ਉਹਨਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੇ ਇਸ ਸੁਨਿਹਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਚੁੱਕਿਆ ਜਾਵੇ ਅਤੇ ਜਿਨ੍ਹਾਂ ਨਾਗਰਿਕਾਂ ਦੀਆਂ ਵੋਟਾਂ ਨਹੀਂ ਬਣੀਆਂ ਜਰੂਰ ਬਣਵਾਈਆਂ ਜਾਣ।ਸ਼੍ਰੀਮਤੀ ਦਰਸ਼ੀ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਆਸ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਅਤਿਅੰਤ ਮਹੱਤਵਪੂਰਨ ਅਤੇ ਸਮਾਂ ਬੱਧ ਕੰਮ ਵਿੱਚ ਸਹਿਯੋਗ ਦੇਣਗੇ। ਇਸ ਮੌਕੇ ਵੋਟਰ ਸੂਚੀਆਂ ਦੇ ਸੈੱਟ ਵੀ ਮੁਹੱਈਆ ਕਰਵਾਏ ਗਏ।
ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਦੀਪ ਸਿੰਘ ਜੋਗੇਵਾਲਾ, ਸੀ ਪੀ ਆਈ ਐਮ ਵੱਲੋਂ ਕਰਨੈਲ ਸਿੰਘ ਭੰਮਰਾ, ਸੀ ਪੀ ਆਈ ਵੱਲੋਂ ਜਗਸੀਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਹਰਵਿੰਦਰ ਸਿੰਘ, ਆਪ ਵੱਲੋਂ ਨਵਦੀਪ ਸਿੰਘ ਤੇ ਸੰਜੀਵ ਕੋਛੜ, ਐਨ ਸੀ ਪੀ ਵੱਲੋਂ ਵਨੀਤ ਸ਼ਰਮਾ ਅਤੇ ਭਾਜਪਾ ਵੱਲੋਂ ਗਗਨਦੀਪ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।