– ਮਾਰਚ 2021 ਤੋਂ ਲੋਕਾਂ ਨੂੰ ਮਿਲੇਗੀ ਇਹ ਸਹੂਲਤ – ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ
ਅਜੀਤਵਾਲ, 4 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਸਾਫ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਪਾਣੀ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਪਾਣੀ ਦੀ ਜਾਂਚ ਲਈ ਸੂਬਾ ਪੱਧਰ ਉੱਤੇ ਲੈਬਾਰਟਰੀ ਖੋਲ੍ਹਣ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਲੈਬਾਰਟਰੀਆਂ ਖੋਲ੍ਹੀਆਂ ਜਾ ਰਹੀਆਂ ਹਨ। ਇਹਨਾਂ ਵਿੱਚੋਂ ਇੱਕ ਲੈਬਾਰਟਰੀ ਜ਼ਿਲ੍ਹਾ ਮੋਗਾ ਵਿੱਚ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸ਼੍ਰੀ ਕਾਰਤਿਕ ਜਿੰਦਲ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਹ ਲੈਬਾਰਟਰੀ ਅਜੀਤਵਾਲ ਵਿਖੇ ਖੋਲ੍ਹੀ ਜਾ ਰਹੀ ਹੈ। ਇਸ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਵਿਭਾਗ ਦੀ ਕੋਸ਼ਿਸ਼ ਹੈ ਕਿ ਮਾਰਚ 2021 ਵਿੱਚ ਇਹ ਲੈਬਾਰਟਰੀ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਹ ਲੈਬਾਰਟਰੀ ਜ਼ਿਲ੍ਹਾ ਮੋਗਾ ਦੇ ਨਾਲ ਨਾਲ ਹੋਰ ਕਈ ਜ਼ਿਲ੍ਹਿਆਂ (ਨਾਲ ਲਗਦੇ 50 ਕਿਲੋ ਮੀਟਰ ਖੇਤਰ) ਨੂੰ ਵੀ ਸਹੂਲਤ ਦੇਵੇਗੀ। ਉਹਨਾਂ ਕਿਹਾ ਕਿ ਇਥੇ ਪਾਣੀ ਨਾਲ ਸਬੰਧਤ ਹਰ ਤਰ੍ਹਾਂ ਦੇ ਟੈਸਟ ਹੋਇਆ ਕਰਨਗੇ। ਜਿਸਦਾ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਇਸ ਨਾਲ ਬਿਮਾਰੀਆਂ ਉਪਰ ਵੀ ਕਾਬੂ ਪਾਇਆ ਜਾ ਸਕੇਗਾ।
ਉਹਨਾਂ ਕਿਹਾ ਕਿ ਇਸ ਲੈਬਾਰਟਰੀ ਵਿੱਚ ਪ੍ਰਤੀ ਮਹੀਨਾ 300 ਸੈਂਪਲ ਲਏ ਜਾਇਆ ਕਰਨਗੇ। ਇਸ ਤੋਂ ਇਲਾਵਾ ਹੋਰ ਸੈਂਪਲਾਂ ਸਮੇਤ ਕੁੱਲ 750 ਸੈਂਪਲ ਪ੍ਰਤੀ ਮਹੀਨਾ ਲਏ ਜਾਇਆ ਕਰਨਗੇ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਤੋਂ ਇਲਾਵਾ ਹੋਸ਼ਿਆਰਪੁਰ ਅਤੇ ਸੰਗਰੂਰ ਵਿਖੇ ਵੀ ਮਲਟੀ ਜ਼ਿਲ੍ਹਾ ਲੈਬਾਰਟਰੀ ਖੁੱਲ੍ਹ ਰਹੀਆਂ ਹਨ। ਜੌ ਵੀ ਮਾਰਚ 2021 ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਹੌਲੀ ਹੌਲੀ ਅਜਿਹੀਆਂ ਲੈਬਾਰਟਰੀਆਂ ਹਰੇਕ ਜ਼ਿਲ੍ਹੇ ਵਿੱਚ ਖੁੱਲ੍ਹ ਜਾਣਗੀਆਂ। ਇਸ ਤੋਂ ਪਹਿਲਾਂ ਸਟੇਟ ਪੱਧਰ ਉੱਤੇ ਮੋਹਾਲੀ ਵਿਖੇ ਹਾਈ ਟੈੱਕ ਲੈਬਾਰਟਰੀ ਚੱਲ ਰਹੀ ਹੈ। ਦੋ ਜ਼ਿਲ੍ਹਿਆਂ ਪਟਿਆਲਾ ਅਤੇ ਮੋਹਾਲੀ ਵਿਖੇ ਮਲਟੀ ਜ਼ਿਲ੍ਹਾ ਲੈਬਾਰਟਰੀਆਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਵੀਂ ਮਲਟੀਪਰਪਜ ਲਬਰਟਰੀ ਪਿਛਲੇ ਸਤੰਬਰ ਮਹੀਨੇ ਵਿੱਚ ਸਥਾਪਤ ਕੀਤੀ ਗਈ ਹੈ, ਜਿਹਨਾਂ ਦੇ ਬਹੁਤ ਹੀ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।
ਸ਼੍ਰੀ ਜਿੰਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਇਹ ਲੈਬਾਰਟਰੀ ਖੁੱਲ੍ਹ ਗਈ ਤਾਂ ਇਸਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਇਹ ਲੈਬਾਰਟਰੀ ਇਲਾਕੇ ਲਈ ਬਹੁਤ ਹੀ ਵਰਦਾਨ ਸਾਬਿਤ ਹੋਵੇਗੀ।