ਕੋਟ ਈਸੇ ਖਾਂ 3 ਜੂਨ (ਜਗਰਾਜ ਲੋਹਾਰਾ) ਸਮੁੱਚੇ ਦੇਸ਼ ਦੀਆਂ ਦਸ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਕੇਂਦਰੀ ਸੱਦੇ ਦੇ ਤਹਿਤ ਥਾਂ ਥਾਂ ਕੀਤੇ ਜਾ ਰਹੇ ਐਕਸ਼ਨਾਂ ਦੇ ਸਮਰਥਨ ਵਿੱਚ ਇੱਥੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਜੀਤ ਸਿੰਘ ਗਗੜਾ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾ:ਅਮਰਜੀਤ ਸਿੰਘ ਕੰਡਿਆਲ,ਸੀਟੂ ਆਗੂ ਕਾਮਰੇਡ ਜੀਤਾ ਸਿੰਘ ਨਾਰੰਗ,ਟੈਂਪੂ ਯੂਨੀਅਨ ਦੇ ਪ੍ਰਧਾਨ ਕਾਮਰੇਡ ਸਰਵਣ ਸਿੰਘ ਸਦਰਕੋਟ,ਕਾਮਰੇਡ ਬਲਰਾਮ ਠਾਕਰ, ਕਿਸਾਨ ਆਗੂ ਕਾਮਰੇਡ ਸੁਖਦੇਵ ਸਿੰਘ, ਕਾਮਰੇਡ ਜੋਗਿੰਦਰ ਸ਼ਰਮਾ, ਕਾਮਰੇਡ ਪਿਆਰਾ ਸਿੰਘ ਜਾਨੀਆ ਆਦਿ ਵੱਲੋਂ ਸ਼ਮੂਲੀਅਤ ਕੀਤੀ ਗਈ ।ਇਸ ਸਮੇਂ ਕਾਮਰੇਡ ਗਗੜਾ ਨੇ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਮਹਾਂਮਾਰੀ ਨੂੰ ਢਾਲ ਬਣਾ ਕੇ ਦਿਨ ਬਦਿਨ ਅਜਿਹੇ ਲੋਕ ਮਾਰੂ ਆਰਡੀਨੈਂਸ ਜਾਰੀ ਕਰ ਰਹੀ ਹੈ ਜਿਸ ਦਾ ਸਿੱਧਾ ਅਸਰ ਦੇਸ਼ ਦੇ
ਕਿਸਾਨਾਂ ਅਤੇ ਮੁਲਾਜ਼ਮ ਵਰਗ ਤੇ ਪੈ ਰਿਹਾ ਹੈ ।ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਕੇਂਦਰ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਤਰਜ਼ੀਹ ਦੇਣ ਲਈ ਦੇਸ਼ ਦੀ ਦੌਲਤ ਕੌਡੀਆਂ ਦੇ ਭਾਅ ਵੇਚ ਕੇ ਉਨ੍ਹਾਂ ਦੇ ਖਜ਼ਾਨੇ ਭਰਨ ਦੀਆਂ ਸਕੀਮਾਂ ਬਣਾ ਰਹੀ ਹੈ ਜਿਸ ਤੋਂ ਦੇਸ਼ ਦਾ ਹਰੇਕ ਨਾਗਰਿਕ ਅੱਜ ਕੱਲ੍ਹ ਪੂਰੀ ਤਰ੍ਹਾਂ ਦੁਖੀ ਹੋਇਆ ਪਿਆ ਹੈ ।ਕਰੋਨਾ ਸੰਕਟ ਦੇ ਚੱਲਦਿਆਂ ਦੇਸ਼ ਦਾ ਹੇਠਲਾ ਵਰਗ ਆਰਥਿਕ ਪੱਖੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਪ੍ਰੰਤੂ ਉਨ੍ਹਾਂ ਦੀ ਕੋਈ ਮਦਦ ਕਰਨ ਦੀ ਬਜਾਏ ਕੇਂਦਰ ਸਰਕਾਰ ਤਾਂ ਰੇਲਾਂ ਨੂੰ ਹੀ ਪ੍ਰਾਈਵੇਟ ਕਰਨ ਜਾ ਰਹੀ ਹੈ ਜੋ ਕਿ ਦੇਸ਼ ਲਈ ਘਾਤਕ ਸਿੱਧ ਹੋਵੇਗਾ ।