2017 ਵਿੱਚ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਵੀ ਰਹਿ ਚੁੱਕੇ
ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਉੱਚ ਪ੍ਰਸ਼ਾਸ਼ਕੀ ਸੇਵਾਵਾਂ ਦੇਣ ਲਈ ਯਤਨ ਕਰਾਂਗਾ – ਹਰਚਰਨ ਸਿੰਘ
ਮੋਗਾ, 5 ਜੁਲਾਈ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ)
ਸੀਨੀਅਰ ਪੀ ਸੀ ਐਸ ਅਧਿਕਾਰੀ ਸ੍ਰ ਹਰਚਰਨ ਸਿੰਘ ਨੇ ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਜਲੰਧਰ ਨਗਰ ਨਿਗਮ ਵਿਖੇ ਸੰਯੁਕਤ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਅੱਜ ਅਹੁਦਾ ਸੰਭਾਲਣ ਮੌਕੇ ਜਾਣਕਾਰੀ ਦਿੰਦਿਆਂ ਸ੍ਰ ਹਰਚਰਨ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਉਹਨਾਂ ਲਈ ਆਪਣੇ ਦੂਜੇ ਘਰ ਵਰਗਾ ਹੀ ਹੈ ਕਿਉਂਕਿ ਇਹ ਇਸ ਤੋਂ ਪਹਿਲਾਂ ਵੀ ਸਾਲ 2017 ਵਿੱਚ ਬਤੌਰ ਨਗਰ ਨਿਗਮ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਜਲੰਧਰ ਤੋਂ ਪਹਿਲਾਂ ਜ਼ਿਲ੍ਹਾ ਪਠਾਨਕੋਟ ਵਿੱਚ ਵਧੀਕ ਡਿਪਟੀ ਕਮਿਸ਼ਨਰ ਤੋਂ ਇਲਾਵਾ ਕਈ ਸਬ ਡਵੀਜ਼ਨ ਪੱਧਰ ਉੱਤੇ ਬਤੌਰ ਐੱਸ ਡੀ ਐੱਮ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਉੱਤੇ ਸੇਵਾਵਾਂ ਦਿੱਤੀਆਂ ਹਨ।
ਉਹਨਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਉੱਚ ਪ੍ਰਸ਼ਾਸ਼ਕੀ ਸੇਵਾਵਾਂ ਦੇਣ ਲਈ ਯਤਨ ਕਰਨਗੇ। ਇਸ ਮੌਕੇ ਉਹਨਾਂ ਨੂੰ ਉਹਨਾਂ ਦੇ ਸਟਾਫ ਨੇ ਨਿੱਘਾ ਜੀ ਆਇਆਂ ਨੂੰ ਕਿਹਾ। ਉਹਨਾਂ ਸਟਾਫ ਨੂੰ ਹਦਾਇਤ ਕੀਤੀ ਕਿ ਲੋਕ ਹਿਤ ਅਤੇ ਹੋਰ ਸਰਕਾਰੀ ਕੰਮਾਂ ਨੂੰ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇ।