ਮੋਗਾ, 6 ਸਤੰਬਰ (ਜਗਰਾਜ ਸਿੰਘ ਗਿੱਲ)
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।ਇਨ੍ਹਾਂ ਭਾਸ਼ਨ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜਿਲ੍ਹਾ ਸਿੱਖਿਆ ਅਫਸਰ (ਐਲੀ.) ਜਸਵਿੰਦਰ ਕੌਰ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਿਲ੍ਹਾ ਪੱਧਰ ‘ਤੇ ਭਾਸ਼ਨ ਮੁਕਾਬਲਿਆਂ ਦਾ ਸੰਚਾਲਨ ਕੀਤਾ ਜਾਵੇਗਾ। ਪ੍ਰਾਇਮਰੀ ਵਰਗ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀ ਸਾਹਿਬ ਦੀਪ ਕੌਰ ਜਮਾਤ ਪੰਜਵੀਂ ਪਹਿਲੇ ਅਤੇ ਨਮਨਦੀਪ ਕੌਰ ਜਮਾਤ ਪੰਜਵੀਂ ਦੂਸਰੇ ਸਥਾਨ ਤੇ ਰਹੇ ਧਰਮਕੋਟ-1 ਤੋਂ ਅੰਸ਼ਦੀਪ ਕੌਰ ਅਤੇ ਰਜਨੀਤ ਕੌਰ ,ਕਰਨਦੀਪ ਕੌਰ , ਹਰਮਨਦੀਪ ਸਿੰਘ , ਰਜਨੀ ਕੋੌਰ, ਹਰਮਨ ਕੌਰ, ਜੈਸਮੀਨ ਕੌਰ, ਮੋਗਾ-1 ਤੋਂ ਮਹਿਤਾਬ ਸਿੰਘ ਰਾਏ ਅਤੇ ਨੀਤੂ ਸਿੰਘ ਪ੍ਰਾਇਮਰੀ ਵਰਗ ਦੇ ਬਲਾਕ ‘ਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਥਾਨ ਬਣਾਉਣ ਵਿੱਚ ਸਫ਼ਲ ਰਹੇ। ਇਨ੍ਹਾਂ ਮੁਕਾਬਿਲਆਂ ਬਾਰੇ ਜਿਲ੍ਹਾ ਨੋਡਲ ਅਫਸਰ (ਐਲੀ.)ਗੋਬਿੰਦ ਸਿੰਘ ਸਮਾਧ ਭਾਈ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।