ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਕੀਤਾ ਵਰਕਸ਼ਾਪ ਦਾ ਆਯੋਜਨ
ਮੋਗਾ, 12 ਅਕਤੂਬਰ (ਜਗਰਾਜ ਸਿੰਘ ਗਿੱਲ )
ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਵੱਲੋਂ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਮਗਨਰੇਗਾ ਤਹਿਤ ਕੰੰਮ ਕਰਨ ਵਾਲੇ ਗ੍ਰਾਮ ਰੋਜ਼ਗਾਰ ਸੇਵਕਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਦੀ ਅਗਵਾਈ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਦਿਹਾਤੀ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੇ ਉਨਤੀ ਪ੍ਰੋਗਰਾਮ ਤਹਿਤ 100 ਦਿਨ ਪੂਰੇ ਕਰਨ ਵਾਲੇ ਨਰੇਗਾ ਵਰਕਰਾਂ ਨੂੰ ਜ਼ਿਲਾ ਪੱਧਰ ’ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਕਿੱਤਾ ਮੁਖੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਿਖਲਾਈ ਵਿੱਚ ਇੰਗਲਿਸ਼ ਸਪੀਕਿੰਗ, ਪਰਸਨੇਲਿਟੀ ਡਿਵੈਲਪਮੈਂਟ, ਕੰਪਿਊਟਰ ਸਿਖਲਾਈ ਤੋਂ ਇਲਾਵਾ ਹੋਰ ਵੀ ਕੋਰਸ ਸ਼ਾਮਿਲ ਹੋਣਗੇ। ਉਨਾਂ ਦੱਸਿਆ ਕਿ ਜੇਕਰ ਕਿਸੇ ਵੀ ਨਰੇਗਾ ਕਾਮੇ ਦੇ 100 ਦਿਨ ਰੋਜ਼ਗਾਰ ਦੇ ਪੂਰੇ ਹੋ ਚੁੱਕੇ ਹਨ ਅਤੇ ਉੁੁਸਦੀ ਕੰਪਿਊਟਰ, ਪਰਸਨੇਲਿਟੀ ਡਿਵੈਲਪਮੈਂਟ, ਇੰਗਲਿਸ਼ ਸਪੀਕਿੰਗ ਜਾਂ ਕਿਸੇ ਹੋਰ ਕੋਰਸ ਨੂੰ ਮੁਫ਼ਤ ਵਿੱਚ ਕਰਨ ਦੀ ਇੱਛਾ ਹੈ ਤਾਂ ਉਹ ਸਕਿੱਲ ਡਵੈਲਪਮੈਂਟ ਯੁਨਿਟ ਦੇ ਜ਼ਿਲਾ ਇੰਚਾਰਜ ਸ੍ਰੀਮਤੀ ਮਨਪ੍ਰੀਤ ਕੌਰ ਦੇ ਮੋਬਾਇਲ ਨੰਬਰ 94651-59813 ਉੱਪਰ ਸੰਪਰਕ ਕਰ ਸਕਦੇ ਹਨ।
ਇਸ ਵਰਕਸ਼ਾਪ ਵਿੱਚ ਸਕਿੱਲ ਡਿਵਲਪਮੈਂਟ ਯੂਨਿਟ ਦੇ ਜ਼ਿਲਾ ਇੰਚਾਰਜ ਸ੍ਰੀਮਤੀ ਮਨਪ੍ਰੀਤ ਕੌਰ ਨੇ ਆਏ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਬਾਰੇ ਮੁਢਲੀ ਜਾਣਕਾਰੀ ਦਿੱਤੀ ਅਤੇ ਉੱਨਤੀ ਪ੍ਰੋਗਰਾਮ ਤਹਿਤ ਨਰੇਗਾ ਵਿੱਚ 100 ਦਿਨ ਪੂਰੇ ਕਰਨ ਵਾਲੇ ਵਰਕਰਾਂ ਤੱਕ ਪਹੁੰਚ ਕਰਨ ਲਈ ਉਨਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨਾਂ ਕਿਹਾ ਕਿ ਉਨਤੀ ਪ੍ਰੋਗਰਾਮ ਤਹਿਤ ਲੋੜਵੰਦ ਤੇ ਰੁਚੀ ਰੱਖਣ ਵਾਲੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਅੱਗੇ ਵੱਧਣ ਲਈ ਮੌਕੇ ਦਿੱਤੇ ਜਾ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ ਪ੍ਰੋਗਰਾਮ ਦੌਰਾਨ ਆਏ ਗ੍ਰਾਮ ਰੋਜ਼ਗਾਰ ਸੇਵਕਾਂ ਤੋ ਹੁਨਰ ਸਿਖਲਾਈ ਕੋਰਸਾਂ ਦਾ ਵੱਧ ਤੋ ਵੱਧ ਲਾਭ ਪਿੰਡਾਂ ਦੇ ਨੋਜਵਾਨਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸੁਝਾਅ ਵੀ ਮੰਗੇ।