ਨਿਹਾਲ ਸਿੰਘ ਵਾਲਾ 7 ਮਾਰਚ (ਮਿੰਟੂ ਖੁਰਮੀ ਡਾ.ਕੁਲਦੀਪ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਕੇ ਦੀ ਪ੍ਰਿੰਸੀਪਲ ਕਿਰਨਜੀਤ ਕੌਰ ਬਰਾੜ ਦੀ ਬਦਲੀ ਨੂੰ ਲੈ ਕੇ ਬੀਤੇ ਦਿਨੀਂ ਜਿੱਥੇ ਭਾਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਸੈਦੋਕੇ, ਗਾਜੀਆਣਾ, ਬੁਰਜ ਹਮੀਰਾ ਆਦਿ ਪਿੰਡਾਂ ਦੀਆਂ ਪੰਚਾਇਤਾਂ ਦੇ ਆਗੂਆਂ ਵਲੋਂ ਧਰਨਾ ਲਾਇਆ ਗਿਆ ਸੀ, ਪਰ ਅੱਜ ਧਰਨੇ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਉਕਤ ਜਥੇਬੰਦੀਆਂ ਵਲੋਂ ਸਕੂਲ ਦੇ ਗੇਟ ਅੱਗੇ ਧਰਨਾ ਲਾਉਂਦੇ ਹੋਏ ਜਿੱਥੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਉੱਥੇ ਸਕੂਲ ਦੇ ਮੁੱਖ ਗੇਟ ਜਿੰਦਰਾ ਮਾਰ ਦਿੱਤਾ ਗਿਆ | ਇਸ ਮੌਕੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਸਰਪੰਚ ਅਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਮਹਿਕਮੇ ਨੂੰ ਜਿੱਥੇ ਪਿ੍ੰਸੀਪਲ ਮੈਡਮ ਕਿਰਨਜੀਤ ਕੌਰ ਬਰਾੜ ਦੀ ਕੀਤੀ ਗਈ ਬਦਲੀ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਉੱਥੇ ਸਕੂਲ ਦੀਆਂ ਖ਼ਾਲੀ ਪਾਈਆਂ ਅਸਾਮੀਆਂ ਨੂੰ ਤੁਰੰਤ ਪੂਰਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੋ ਲੜਕੀਆਂ ਦਾ ਸਕੂਲ ਚੱਲ ਰਿਹਾ ਹੈ ਉਹ ਸਲਾਬਤਪੁਰਾ ਰੋਡ ‘ਤੇ ਹੈ ਅਤੇ ਉਸ ਸਕੂਲ ਨੂੰ ਵੀ ਪੱਕਾ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਵਲੋਂ ਇਸ ਮਾਮਲੇ ਸੁਲਝਾਉਣ ਲਈ ਜਿੱਥੇ ਆਪਣਾ ਕੋਈ ਵੀ ਅਧਿਕਾਰੀ ਭੇਜਣਾ ਮੁਨਾਸਬ ਨਹੀਂ ਸਮਝਿਆ ਉੱਥੇ ਆਪਣੇ ਵਲੋਂ ਵੀ ਇਸ ਮਾਮਲੇ ਸਬੰਧੀ ਸੋਮਵਾਰ ਨੂੰ ਮੀਟਿੰਗ ਬੁਲਾਉਣ ਦਾ ਭਰੋਸਾ ਦੇ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਆਉਣ ਸਮੇਂ ਅੰਦਰ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਜੋ ਅਧਿਆਪਕ ਇਸ ਸਕੂਲ ‘ਚ ਪੀ.ਟੀ.ਏ. ਫ਼ੰਡ ‘ਚੋਂ ਰੱਖੇ ਗਏ ਹਨ ਉਨ੍ਹਾਂ ਦੀ ਤਨਖ਼ਾਹ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਲੋਂ ਤੁਰੰਤ ਜਾਰੀ ਕੀਤੀ ਜਾਵੇ | ਇਸ ਧਰਨੇ ‘ਚ ਨਿਰਭੈ ਸਿੰਘ ਬੁਰਜ ਹਮੀਰਾ, ਪੰਚ ਕ੍ਰਿਸ਼ਨ ਸਿੰਘ, ਪੰਚ ਜਗਜੀਤ ਸਿੰਘ, ਪੰਚ ਜਗਸੀਰ ਸਿੰਘ, ਪੰਚ ਜੀਵਨ ਸਿੰਘ, ਮੁਖਤਿਆਰ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ ਧਾਲੀਵਾਲ ਬੁਰਜ ਹਮੀਰਾ, ਨਿਰਮਲ ਸਿੰਘ ਵਿਕੀ, ਕਾਕਾ ਸਿੰਘ ਗਾਜੀਆਣਾ, ਬਲਜੀਤ ਸਿੰਘ ਗਾਜੀਆਣਾ, ਸਵਰਨ ਸਿੰਘ ਗਾਜੀਆਣਾ, ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ, ਪ੍ਰਧਾਨ ਗੋਲੂ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਨੇੜਲੇ ਪਿੰਡਾਂ ਦੇ ਮੋਹਤਬਰ ਆਗੂ ਹਾਜ਼ਰ ਹੋਏ |
ਪੜ੍ਹੋ ਪੰਜਾਬੀ ਖ਼ਬਰਾਂ