• Thu. Sep 19th, 2024

ਸੂਬੇਦਾਰ ਜੋਗਿੰਦਰ ਸਿੰਘ ਦੇ 58ਵੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ ਕੀਤੀਆਂ ਗਈਆਂ ਫੁੱਲ-ਮਾਲਾਵਾਂ ਭੇਟ

ByJagraj Gill

Oct 23, 2020

ਮੋਗਾ 23 ਅਕਤੂਬਰ

/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/

ਦੇਸ਼ ਦੇ ਸਰਵਉੱਚ ਸਨਮਾਨ, ਬਹਾਦੁਰੀ ਪੁਰਸਕਾਰ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਉਹਨਾਂ ਦੇ ਸਮਾਰਕ ਤੇ ਸੈਨਾ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਫੁੱਲ ਮਲਾਵਾਂ ਭੇਟ ਕਰਕੇ 58ਵੇਂ ਸ਼ਹੀਦੀ ਦਿਹਾੜੇ ਤੇ ਸ੍ਰੀ ਸੰਦੀਪ ਹਾਂਸ, ਆਈ.ਏ.ਐਸ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਸੈਨਿਕ ਬੋਰਡ ਮੋਗਾ ਅਤੇ ਬਿ੍ਰਗੇਡੀਅਰ   , ਕਮਾਂਡਰ 48 ਇੰਨਫੈਂਟਰੀ ਬਿ੍ਰਗੇਡ ਵੱਲੋਂ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ। ਇਸ ਸ਼ਹੀਦੀ ਦਿਹਾੜੇ ਮੌਕੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਮੋਗ ਕਰਨਲ ਦਲਵਿੰਦਰ ਸਿੰਘ (ਰਿਟਾ.), ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਵੀਰ ਸਿੰਘ ਗਿੱਲ, ਕਰਨਲ ਦਰਸ਼ਨ ਸਿੰਘ , ਸਿਪਾਹੀ ਬੂਟਾ ਸਿੰਘ ਅਤੇ ਹੋਰ ਸਾਬਕਾ ਸੈਨਿਕਾਂ ਨੇ ਸਮੂਲੀਅਤ ਕੀਤੀ। ਸੂਬਦੇਾਰ    ਦੀ ਅਗਵਾਈ ਹੇਠ ਫੌਜ਼ ਦੀ 21 ਬਟਾਲੀਅਨ ਦੀ ਟੁਕੜੀ ਵੱਲੋ ਸ਼ਹੀਦ ਸੂਬੇਦਾਰ ਜ਼ੋਗਿੰਦਰ ਸਿੰਘ, ਪਰਮਵੀਰ ਚੱਕਰ ਨੂੰ ਸਰਕਾਰੀ ਸਨਮਾਨਾਂ ਨਾਲ ਗਾਰਡ-ਆਫ-ਆਨਰ ਪੇਸ਼ ਕੀਤਾ ਗਿਆ।
ਇਸ ਮੌਕੇ ਤੇ ਬਿ੍ਰਗੇਡੀਅਰ, ਕਮਾਂਡਰ 48 ਇੰਨਫੈਂਟਰੀ ਬਿ੍ਰਗੇਡ ਵੱਲੋਂ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵੱਲੋ 04 ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ ਨੂੰ 80,000 ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹਾਂਸ ਵੱਲੋਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ, ਪਰਮਵੀਰ ਚੱਕਰ ਵਿਜੇਤਾ, ਇਕ ਮਹਾਨ ਯੋਧਾ ਸੀ, ਜਿਸ ਨੇ 1962 ਦੀ ਹਿੰਦ-ਚੀਨ ਜੰਗ ਦੌਰਾਨ ਬਹਾਦਰੀ ਨਾਲ ਲੜਦਿਆਂ ਆਪਣੇ ਪ੍ਰਾਣਾ ਦੀ ਬਲੀ ਦਿੱਤੀ। ਇਹਨਾਂ ਦਾ ਸਬੰਧ ਪਿੰਡ ਮਾਹਲਾ ਕਲਾਂ, ਤਹਿ ਬਾਘਾਪੁਰਾਣਾ, ਜ਼ਿਲਾ ਮੋਗਾ ਦੇ ਨਾਲ ਹੈ। ਉਹ ਪਹਿਲੀ ਸਿੱਖ ਰੈਜੀਮੈਂਟ ਵਿਚ ਭਰਤੀ ਹੋ ਗਏ ਸਨ। ਅਕਤੂਬਰ 1962 ਵਿਚ ਚੀਨ ਨੇ ਭਾਰਤ ਤੇ ਹਮਲਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਦੀ ਪਲਾਟੂਨ ਨੂੰ ਨੇਫ਼ਾ ਦੇ ਤੁਆਂਗ ਸੈਕਟਰ ਵਿੱਚ ਤੌਗਪੈਂਗ ਲਾ ਚੌਂਕੀ ਦੀ ਹਿਫ਼ਾਜ਼ਤ ਕਰਨ ਦੀ ਜਿੰਮੇਵਾਰੀ ਸ਼ੌਂਪੀ ਗਈ। 23 ਅਕਤੂਬਰ 1962, ਸੁਭਾ ਸਾਢੇ ਪੰਜ ਵਜੇ ਚੀਨੀ ਫੌਜ ਨੇ ਲਗਭਗ ਆਪਣੇ 200 ਸੈਨਿਕਾਂ ਨਾਲ ਉਨਾਂ ਦੀ ਚੌਂਕੀ ਤੇ ਧਾਵਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਅਤੇ ਉਨਾਂ ਦੇ ਸਾਥੀ ਜਵਾਨਾਂ ਨੇ ਬਹਾਦਰੀ ਨਾਲ ਲੜਦੇ ਹੋਏ ਦੁਸ਼ਮਣ ਦੇ ਦੋ ਹਮਲੇ ਪਛਾੜ ਦਿੱਤੇ। ਦੁਸ਼ਮਣ ਦੇ ਇਹਨਾਂ ਦੋ ਹਮਲਿਆਂ ਨੂੰ ਪਛਾੜਣ ਤੋਂ ਬਾਅਦ ਸੂਬੇਦਾਰ ਜੋਗਿੰਦਰ ਸਿੰਘ ਦੀ ਪਲਾਟੂਨ ਦਾ ਜਾਨੀ ਨੁਕਸਾਨ ਹੋ ਜਾਣ ਕਾਰਨ ਉਹਨਾਂ ਦੇ ਜਵਾਨਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਸੀ ਅਤੇ ਪੱਟ ਵਿੱਚ ਗੋਲੀਆਂ ਲੱਗਨ ਕਾਰਣ ਉਹ ਖੁਦ ਵੀ ਬੁਰੀ ਤਰਾਂ ਜਖ਼ਮੀ ਹੋ ਗਏ ਸਨ। ਫਿਰ ਵੀ ਉਨਾਂ ਨੇ ਦੁਸ਼ਮਣ ਦੇ ਤੀਜੇ ਹਮਲੇ ਦੌਰਾਨ ਆਪਣੇ ਬਚੇ ਹੋਏ ਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ, ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਦੁਸ਼ਮਣ ਤੇ ਬੈਨਟਾਂ ਨਾਲ ਹਮਲਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਨੇ ਆਪਣੀ ਪਲਾਟੂਨ ਦੇ ਲਾਈਟ ਮਸ਼ੀਨ ਗੰਨ ਦੇ ਚਾਲਕ ਦੇ ਮਾਰੇ ਜਾਣ ਤੇ ਖੁਦ ਲਾਈਟ ਮਸ਼ੀਨ ਗੰਨ ਸੰਭਾਲੀ ਅਤੇ ਦੁਸ਼ਮਣ ਦਾ ਕਾਫੀ ਜਾਨੀ ਨੁਕਸਾਨ ਕੀਤਾ। ਇਸੇ ਦੌਰਾਨ ਉਹ ਦੁਸ਼ਮਣ ਦੇ ਘੇਰੇ ਵਿਚ ਆ ਗਏ ਅਤੇ ਆਖ਼ਰੀ ਦਮ ਤੱਕ ਦੁਸ਼ਮਣ ਨਾਲ ਲੜਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ।
ਜ਼ਿਕਰਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਦੀ ਜੋਸ਼ੀਲੀ ਅਗਵਾਈ, ਸ਼ਲਾਘਾਯੋਗ ਵੀਰਤਾ ਅਤੇ ਬੇਮਿਸਾਲ ਫ਼ਰਜ਼ ਨਿਭਾਉਣ ਕਾਰਣ ਭਾਰਤ ਸਰਕਾਰ ਵੱਲੋ ਉਨਾਂ ਨੂੰ ਸ਼ਹੀਦ ਹੋਣ ਉਪਰੰਤ ਦੇਸ਼ ਦੇ ਸਰਵਉਚ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੂੰ ਭਾਰਤ ਦੇਸ਼ ਹਮੇਸ਼ਾਂ ਯਾਦ ਰੱਖੇਗਾ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *