ਮੋਗਾ, 11 ਮਈ (ਕੀਤਾ ਬਾਰੇਵਾਲ ਜਗਸੀਰ ਸਿੰਘ ਪੱਤੋਂ)
ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਤੋਂ ਸੀਨੀਅਰ ਸਿਟੀਜਨ ਲੋਕਾਂ ਨੂੰ ਬਚਾਉਣ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਇਕ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਏਮਜ਼ ਦਿੱਲੀ ਵੱਲੋਂ ਤਿਆਰ ਕੀਤੀ ਗਈ ਇਸ ਅਡਵਾਈਜ਼ਰੀ ਨੂੰ ਸਮੂਹ ਬਿਰਧ ਘਰਾਂ ਅਤੇ ਬਜ਼ੁਰਗਾਂ ਲਈ ਕੰਮ ਕਰਦੀਆਂ ਸੰਸਥਾਵਾਂ ਵਿੱਚ ਲਾਗੂ ਕਰਵਾਉਣ ਬਾਰੇ ਕਿਹਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਦੂਜੀ ਲਹਿਰ ਦੌਰਾਨ ਕਰੋਨਾ ਦੇ ਵੱਧ ਰਹੇ ਮਾਮਲੇ ਬਹੁਤ ਹੀ ਚਿੰਤਾਜਨਕ ਹਨ। ਅਜਿਹੀ ਸਥਿਤੀ ਵਿੱਚ ਤੰਦਰੁਸਤ ਅਤੇ ਇਸ ਭਿਆਨਕ ਬਿਮਾਰੀ ਤੋਂ ਬਚੇ ਰਹਿਣ ਲਈ ਬਜ਼ੁਰਗਾਂ ਅਤੇ ਉਹਨਾਂ ਨੂੰ ਸੰਭਾਲਣ ਵਾਲਿਆਂ ਨੂੰ ਕਰੋਨਾ ਨਾਲ ਸਬੰਧਤ ਸਾਧਾਰਨ ਹਦਾਇਤਾਂ ਦੀ ਪਾਲਣਾ ਦੇ ਨਾਲ ਨਾਲ ਹੋਰ ਕਈ ਪਹਿਲੂਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਜਿਹੜੇ ਬਜ਼ੁਰਗ ਚੱਲਣ ਫਿਰਨ ਦੇ ਸਮਰੱਥ ਹਨ, ਉਹਨਾਂ ਨੂੰ ਆਪਣੇ ਘਰ ਅੰਦਰ ਹੀ ਰਹਿਣਾ ਚਾਹੀਦਾ ਹੈ, ਜਦਕਿ ਘਰ ਅੰਦਰ ਚੱਲਣਾ ਫਿਰਨਾ, ਹਲਕੀ ਵਰਜਿਸ਼, ਮੈਡੀਟੇਸ਼ਨ ਅਤੇ ਯੋਗ ਕਿਰਿਆਵਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਬਜ਼ੁਰਗਾਂ ਵਾਲੇ ਘਰਾਂ ਵਿੱਚ ਬਾਹਰੀ ਆਵਾਜਾਈ ਵੀ ਬੰਦ ਹੋਣੀ ਚਾਹੀਦੀ ਹੈ, ਖਾਸ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਵੀ ਰੋਕ ਦੇਣ ਵਿੱਚ ਹੀ ਭਲਾਈ ਹੈ। ਹਰ ਤਰ੍ਹਾਂ ਦੇ ਇਕੱਠਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਬਜ਼ੁਰਗ ਵਿਅਕਤੀਆਂ ਨੂੰ ਹਰ ਹੀਲੇ ਬਿਮਾਰ, ਖੰਘ, ਜੁਕਾਮ ਅਤੇ ਸਾਹ ਦੀ ਬਿਮਾਰੀ ਵਾਲੇ ਲੋਕਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਕਿਸੇ ਨੂੰ ਵੀ ਨੇੜੇ ਹੋ ਕੇ ਮਿਲਣਾ, ਹੱਥ ਮਿਲਾਉਣਾ, ਪਾਰਕਾਂ, ਬਾਜ਼ਾਰਾਂ ਅਤੇ ਧਾਰਮਿਕ ਸਥਾਨਾਂ ਆਦਿ ਉੱਤੇ ਜਾਣਾ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਆਮ ਤੌਰ ਉੱਤੇ ਬਜ਼ੁਰਗਾਂ ਨੂੰ ਆਪਣੇ ਰੁਟੀਨ ਚੈੱਕ ਅੱਪ ਲਈ ਹਸਪਤਾਲ ਆਦਿ ਜਾਣਾ ਪੈਂਦਾ ਹੈ। ਅਜਿਹੇ ਮੌਕੇ ਡਾਕਟਰ ਤੋਂ ਟੈਲੀਫੋਨ (ਟੈਲੀ ਕੰਸਲਟੇਸ਼ਨ) ਰਾਹੀਂ ਮੈਡੀਕਲ ਸਲਾਹ ਲੈਣੀ ਹੀ ਠੀਕ ਰਹੇਗੀ। ਡਾਕਟਰ ਵੱਲੋਂ ਸੁਝਾਈ ਗਈ ਦਵਾਈ ਸਮੇਂ ਮੁਤਾਬਿਕ ਲੈਂਦੇ ਰਹਿਣਾ ਚਾਹੀਦਾ ਹੈ।
ਸ਼੍ਰੀ ਹੰਸ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਘਰ ਦਾ ਚੰਗੀ ਤਰ੍ਹਾਂ ਬਣਿਆ ਹੋਇਆ ਖਾਣਾ ਹੀ ਦੇਣਾ ਚਾਹੀਦਾ ਹੈ। ਖਾਣੇ ਵਿੱਚ ਲੋੜੀਂਦੀ ਮਾਤਰਾ ਵਿੱਚ ਨਿਊਟਰੀਸ਼ਨ, ਜੂਸ ਅਤੇ ਹੋਰ ਖੁਰਾਕੀ ਤੱਤ ਹੋਣੇ ਲਾਜ਼ਮੀ ਹਨ। ਜੇਕਰ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਾਹ ਲੈਣ ਵਿੱਚ ਤਕਲੀਫ਼, ਖੰਗ, ਜੁਕਾਮ, ਬੁਖ਼ਾਰ ਜਾਂ ਕੋਈ ਹੋਰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਸਦੀ ਸਲਾਹ ਮੰਨਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇਕਰ ਬਜ਼ੁਰਗਾਂ ਦੀ ਕੋਈ ਸਰਜਰੀ ਆਦਿ ਕਰਵਾਉਣ ਬਾਰੇ ਪਹਿਲਾਂ ਹੀ ਸੋਚਿਆ ਹੋਇਆ ਸੀ ਤਾਂ ਇਸ ਨੂੰ ਡਾਕਟਰ ਦੀ ਸਲਾਹ ਨਾਲ ਅੱਗੇ ਪਾ ਦੇਣਾ ਚਾਹੀਦਾ ਹੈ। ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਤਾਂ ਬਦਹਜ਼ਮੀ ਤੋਂ ਬਚਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਅਤੇ ਹੋਰ ਤਰਲ ਪਦਾਰਥ ਲੈਂਦੇ ਰਹਿਣਾ ਚਾਹੀਦਾ ਹੈ।
ਇਸੇ ਤਰ੍ਹਾਂ ਜਿਹੜੇ ਬਜ਼ੁਰਗ ਮਾਨਸਿਕ ਤੌਰ ਉੱਤੇ ਬਹੁਤੇ ਠੀਕ ਨਹੀਂ ਰਹਿੰਦੇ ਹਨ, ਉਹਨਾਂ ਨੂੰ ਵੀ ਵਿਸ਼ੇਸ਼ ਧਿਆਨ ਦੀ ਲੋੜ੍ਹ ਹੈ। ਇਹਨਾਂ ਨੂੰ ਸ਼ਾਂਤ ਵਾਤਾਵਰਨ ਦੀ ਅਤਿ ਸਖ਼ਤ ਲੋੜ੍ਹ ਰਹਿੰਦੀ ਹੈ। ਜੇਕਰ ਕੋਈ ਪੁਰਾਣੀ ਰੁਚੀ ਹੋਵੇ, ਜਿਵੇਂ ਪੇਂਟਿੰਗ, ਸੰਗੀਤ ਸੁਨਣਾ ਅਤੇ ਕਿਤਾਬਾਂ ਪੜ੍ਹਨਾ ਆਦਿ, ਵੱਲ ਆਕਰਸ਼ਿਤ ਕਰਦੇ ਰਹਿਣਾ ਚਾਹੀਦਾ ਹੈ। ਕਿਤਾਬਾਂ ਪੜ੍ਹਨ ਵਿੱਚ ਦੇਖਿਆ ਜਾਵੇ ਕਿ ਚੰਗੇ ਕੰਟੈਂਟ ਵਾਲੀਆਂ ਕਿਤਾਬਾਂ ਹੀ ਦਿੱਤੀਆਂ ਜਾਣ। ਮਾਨਸਿਕ ਪ੍ਰੇਸ਼ਾਨੀ ਜਾਂ ਬਿਮਾਰੀ ਆਦਿ ਹੋਣ ਦੀ ਸੂਰਤ ਵਿੱਚ ਹੈਲਪ ਲਾਈਨ ਨੰਬਰ 08046110007 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅਜਿਹੇ ਬਜ਼ੁਰਗਾਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਿਆ ਜਾਣਾ ਚਾਹੀਦਾ ਅਤੇ ਨਾ ਹੀ ਸਿਰਫ ਇਕ ਕਮਰੇ ਤੱਕ ਸੀਮਤ ਰੱਖਣਾ ਚਾਹੀਦਾ ਹੈ। ਸਨਸਨੀਖੇਜ ਖਬਰਾਂ ਅਤੇ ਉਤੇਜਿਤ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਅਜਿਹੇ ਬਜ਼ੁਰਗਾਂ ਨੂੰ ਆਪਣੀ ਇਕੱਲਤਾ ਦੂਰ ਕਰਨ ਲਈ ਤੰਬਾਕੂ, ਸ਼ਰਾਬ ਅਤੇ ਹੋਰ ਨਸ਼ੀਲੀਆਂ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਮੌਜੂਦਾ ਸਮੇਂ ਚੱਲ ਰਹੀ ਸਥਿਤੀ ਵਿੱਚ ਬਜ਼ੁਰਗਾਂ ਨੂੰ ਸੰਭਾਲਣ ਵਾਲੇ ਕੇਅਰਗਿਵਰ ਲੋਕਾਂ ਨੂੰ ਵੀ ਸੰਭਾਲ ਲਈ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਰੱਖਣੇ ਚਾਹੀਦੇ ਹਨ। ਨੱਕ ਅਤੇ ਮੂੰਹ ਨੂੰ ਮਾਸਕ ਨਾਲ ਚੰਗੀ ਤਰ੍ਹਾਂ ਕਵਰ ਕਰਨਾ ਚਾਹੀਦਾ ਹੈ। ਬਜ਼ੁਰਗਾਂ ਵੱਲੋਂ ਵਰਤੀਆਂ ਜਾਂਦੀਆਂ ਵਸਤਾਂ ਜਿਵੇਂ ਕਿ ਐਨਕਾਂ, ਖੂੰਡੀ, ਵਾਕਰ, ਵ੍ਹੀਲ ਚੇਅਰ ਅਤੇ ਬੈਡ ਪੈਨ ਨੂੰ ਅਤੇ ਫ਼ਰਸ਼ ਨੂੰ ਚੰਗੀ ਤਰ੍ਹਾਂ ਕੀਟਾਣੂੰ ਮੁਕਤ ਕਰਨਾ ਚਾਹੀਦਾ ਹੈ। ਬਜ਼ੁਰਗਾਂ ਦੀ ਸਾਹ ਗਤੀ ਅਤੇ ਹੋਰ ਕਿਰਿਆਵਾਂ ਨੂੰ ਸਮੇਂ ਸਮੇਂ ਉੱਤੇ ਚੈੱਕ ਕਰਨ ਦੀ ਲੋੜ੍ਹ ਰਹਿੰਦੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਬਜ਼ੁਰਗ ਜਿਆਦਾ ਸਮਾਂ ਬੈਡ ਉਪਰ ਪਏ ਹੀ ਨਾ ਰਹਿਣ। ਉਹਨਾਂ ਨੂੰ ਥੋੜੇ ਥੋੜੇ ਸਮੇਂ ਬਾਅਦ ਚਲਾਉਂਦੇ ਜਾਂ ਹਿਲਾਉਂਦੇ ਰਹਿਣਾ ਚਾਹੀਦਾ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਬਜ਼ੁਰਗ ਕਿਸੇ ਵੀ ਸਮਾਜ ਦਾ ਸਰਮਾਇਆ ਹੁੰਦੇ ਹਨ, ਜਿਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਬਜ਼ੁਰਗਾਂ, ਉਹਨਾਂ ਦੇ ਪਰਿਵਾਰਕ ਮੈਬਰਾਂ ਅਤੇ ਬਜ਼ੁਰਗਾਂ ਦੀ ਸੰਭਾਲ ਵਿੱਚ ਲੱਗੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।