ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕਰੀਬ 34 ਹਜ਼ਾਰ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਤੇ ਕਰੀਬ 17.88 ਕਰੋੜ ਰੁਪਏ ਖਰਚ ਕੀਤੇ-ਹਰਜੋਤ ਬੈਂਸ
ਪੰਜਾਬ ਸਰਕਾਰ ਨੇ 115 ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਮ ‘ਤੇ ਰੱਖਿਆ-ਕੈਬਨਿਟ ਮੰਤਰੀ ਬੈਂਸ
ਜ਼ਿਲ੍ਹੇ ਦੇ 20 ਪ੍ਰਾਇਮਰੀ ਸਕੂਲਾਂ ਦੀ ਸਕੂਲ ਆਫ ਹੈਪੀਨੈੱਸ ਯੋਜਨਾ ਤਹਿਤ ਕਰੋੜਾਂ ਰੁਪਏ ਨਾਲ ਕੀਤੀ ਜਾ ਰਹੀ ਹੈ ਕਾਇਆਕਲਪ-ਸਿੱਖਿਆ ਮੰਤਰੀ
ਮੋਗਾ, 15 ਅਗਸਤ (ਜਗਰਾਜ ਸਿੰਘ ਗਿੱਲ)
ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ ਸਥਾਨਕ ਦਾਣਾ ਮੰਡੀ ਵਿਖੇ ਮਨਾਇਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਨੀ ਸਿੱਖਿਆ, ਉਦਯੋਗਿਕ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਰਾਸ਼ਟਰੀ ਤਿਰੰਗਾ ਚੜਾਉਣ ਦੀ ਰਸਮ ਅਦਾ ਕੀਤੀ।
ਸ੍ਰ ਹਰਜੋਤ ਸਿੰਘ ਬੈਂਸ ਨੇ ਕਿਹਾ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ, ਆਮ ਆਦਮੀ ਕਲੀਨਿਕਾਂ ਦਾ ਵਿਸਥਾਰ, ਨਵੀਆਂ ਐਂਬੂਲੈਂਸਾਂ, ਮੁਫਤ ਬਿਜਲੀ, ਈਜ਼ੀ ਰਜਿਸਟਰੀ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫਾਈ, ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ। ਯੁੱਧ ਨਸ਼ਿਆਂ ਵਿਰੁੱਧ, ਭ੍ਰਿਸ਼ਟਾਚਾਰ ਵਿਰੁੱਧ ਜੰਗ, ਪੇਂਡੂ ਖੇਡ ਮੈਦਾਨਾਂ ਦੀ ਉਸਾਰੀ, ਖਿਡਾਰੀਆਂ ਨੂੰ ਨੌਕਰੀ ਤੇ ਵੱਡੇ ਖੇਡ ਮੁਕਾਬਲਿਆਂ ਤੋਂ ਪਹਿਲਾਂ ਤਿਆਰੀ ਭੱਤੇ ਦੇਣੇ, ਸਾਰਿਆਂ ਲਈ 10 ਲੱਖ ਦਾ ਸਿਹਤ ਬੀਮਾ ਅਤੇ ਸਨਅਤਾਂ ਦੇ ਵਿਕਾਸ ਲਈ ਉਦਯੋਗਪਤੀਆਂ ਦੀਆਂ ਕਮੇਟੀਆਂ ਦਾ ਗਠਨ ਕਰਕੇ ਪੰਜਾਬ ਨੂੰ ਤਰੱਕੀ ਵੱਲ ਲਿਜਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਨੇ ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ.) 2024 ਵਿੱਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕੇਰਲਾ ਵਰਗੇ ਸੂਬੇ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਬੱਚਿਆਂ ਨੂੰ ਕੌਮਾਂਤਰੀ ਪੱਧਰ ਦੇ ਮਾਪਦੰਡਾਂ ਮੁਤਾਬਕ ਵਿਦਿਆ ਦੇਣ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ। 234 ਪ੍ਰਿੰਸੀਪਲਾਂ/ਸਿੱਖਿਆ ਅਧਿਕਾਰੀਆਂ ਦੇ 7 ਬੈਚ ਪੰਜ-ਰੋਜ਼ਾ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਲਈ ਸਿੰਗਾਪੁਰ ਭੇਜੇ ਗਏ। ਇਸ ਤੋਂ ਇਲਾਵਾ 152 ਹੈੱਡਮਾਸਟਰ/ਸਿੱਖਿਆ ਅਧਿਕਾਰੀਆਂ ਦੇ 3 ਬੈਚ ਆਈ.ਆਈ.ਐਮ ਅਹਿਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ ਦੋ ਬੈਚ ਯੂਨੀਵਰਸਿਟੀ ਆਫ ਤੁਰਕੂ, ਫਿਨਲੈਂਡ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।
ਸ੍ਰ. ਬੈਂਸ ਨੇ ਕਿਹਾ ਕਿ ਮੋਗਾ ਵਿੱਚ ਚਾਰ ਸਕੂਲ ਆਫ ਐਮੀਨੈਂਸ ਸਫਲਤਾਪੂਰਵਕ ਚੱਲ ਰਹੇ ਹਨ। ਸਕੂਲ ਆਫ ਹੈਪੀਨੈੱਸ ਯੋਜਨਾ ਤਹਿਤ ਮੋਗਾ ਜਿਲ੍ਹੇ ਵਿੱਚ 20 ਪ੍ਰਾਇਮਰੀ ਸਕੂਲਾਂ ਦੀ ਕਰੋੜਾਂ ਰੁਪਏ ਨਾਲ ਕਾਇਆਕਲਪ ਕੀਤੀ ਜਾ ਰਹੀ ਹੈ। ਇਸ ਸਾਲ ਸਰਕਾਰੀ ਸਕੂਲਾਂ ਦੇ 848 ਵਿਦਿਆਰਥੀਆਂ ਨੇ ਸਖ਼ਤ ਮੁਕਾਬਲੇ ਵਾਲੀ ਰਾਸ਼ਟਰੀ ਯੋਗਤਾ-ਕਮ-ਦਾਖ਼ਲਾ ਪ੍ਰੀਖਿਆ (ਨੀਟ) ਵਿੱਚ ਕੁਆਲੀਫਾਈ ਕੀਤਾ ਜਦੋਂਕਿ 265 ਵਿਦਿਆਰਥੀਆਂ ਨੇ ਸਾਂਝੀ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਮੇਨਜ਼ ਅਤੇ 45 ਵਿਦਿਆਰਥੀਆਂ ਨੇ ਜੇ.ਈ.ਈ. (ਐਡਵਾਂਸ) ਪ੍ਰੀਖਿਆ ਸਫ਼ਲਤਾਪੂਰਵਕ ਪਾਸ ਕੀਤੀ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਲੱਗਭਗ 34000 ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਰੇਲ ਜਾਂ ਬੱਸਾਂ ਰਾਹੀਂ ਦਰਸ਼ਨ ਕਰਵਾਉਣ ਤੇ ਕਰੀਬ 17.88 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤੀਜੇ ਪੜਾਅ ਦੇ ਹਿੱਸੇ ਵਜੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਨਿਵੇਕਲਾ ਨਸ਼ਾ ਰੋਕਥਾਮ ਪਾਠਕ੍ਰਮ ਸ਼ੁਰੂ ਕੀਤਾ ਗਿਆ, ਜਿਸ ਤਹਿਤ ਤਕਰੀਬਨ 8 ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਬੁਰੇ ਪ੍ਰਭਾਵ ਅਤੇ ਨਸ਼ਿਆਂ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ 115 ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਮ ‘ਤੇ ਰੱਖਿਆ ਹੈ। ਰਾਜ ਸਰਕਾਰ ਵੱਲੋਂ ਕਿੱਤਾਮੁਖੀ ਸਿਖਲਾਈ ਦੀ ਮੰਗ ਨੂੰ ਦੇਖਦਿਆਂ ਆਈ.ਟੀ.ਆਈਜ਼. ਵਿੱਚ ਸੀਟਾਂ ਦੀ ਗਿਣਤੀ 52,000 ਤੋਂ ਵੀ ਵਧਾ ਦਿੱਤੀ ਹੈ, ਜੋ ਪਹਿਲਾਂ 35,000 ਸੀ।
ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ 28 ਆਮ ਆਦਮੀ ਕਲੀਨਿਕਾਂ ਤੋਂ ਰੋਜਾਨਾ ਸੈਂਕੜੇ ਲੋਕ ਸਿਹਤ ਸੇਵਾਵਾਂ ਹਾਸਲ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਜਿਲ੍ਹੇ ਵਿੱਚ ਪੰਜ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਯੋਜਨਾ ਤਹਿਤ ਹੁਣ 406 ਸੇਵਾਵਾਂ ਨਾਗਰਿਕਾਂ ਦੇ ਦਰਾਂ ਉਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਨਾਗਰਿਕ ਹੈਲਪਲਾਈਨ ਨੰਬਰ 1076 ਉਤੇ ਕਾਲ ਕਰਕੇ ਘਰ ਬੈਠੇ ਇਹ ਸੇਵਾਵਾਂ ਹਾਸਲ ਕਰ ਸਕਦੇ ਹਨ।
ਇਸ ਮੌਕੇ ਜ਼ਿਲਾ ਮੋਗਾ ਦੇ ਸ਼ਹੀਦ ਪਰਿਵਾਰਾਂ, ਆਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਸੇਸ਼ ਯੋਗਦਾਨ ਪਾਉਣ ਵਾਲੀਆਂ ਕਈ ਸ਼ਖਸ਼ੀਅਤਾਂ ਦਾ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦ ਔਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਅਤੇ ਦਿਵਿਆਂਗਜਨਾਂ ਨੂੰ ਮੁਫ਼ਤ ਟਰਾਈਸਾਈਕਲਾਂ ਅਤੇ ਵੀਲ੍ਹ ਚੇਅਰਾਂ ਦੀ ਵੀ ਵੰਡ ਕੀਤੀ ਗਈ । ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀ. ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੁਰੱਖਿਆ ਦਸਤਿਆਂ, ਐੱਨ. ਸੀ. ਸੀ. ਕੈਡਿਟਾਂ ਅਤੇ ਹੋਰ ਟੁਕੜੀਆਂ ਵੱਲੋਂ ਮਾਰਚ ਪਾਸਟ ਵਿੱਚ ਹਿੱਸਾ ਲਿਆ ਗਿਆ, ਜਿਸ ਦੀ ਅਗਵਾਈ ਪਰੇਡ ਕਮਾਂਡਰ ਸ੍ਰ. ਰਮਨਦੀਪ ਸਿੰਘ ਡੀ. ਐਸ. ਪੀ. ਧਰਮਕੋਟ ਨੇ ਕੀਤੀ।
ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ, ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਬਿਸ਼ਨ ਸਰੂਪ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਅਜੇ ਗਾਂਧੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਨਗਰ ਨਿਗਮ ਮੇਅਰ ਸ੍ਰ ਬਲਜੀਤ ਸਿੰਘ ਚੰਨੀ, ਮਾਰਕੀਟ ਕਮੇਟੀ ਚੇਅਰਮੈਨ ਸ੍ਰ ਹਰਜਿੰਦਰ ਸਿੰਘ ਰੋਡੇ, ਸ਼੍ਰੀ ਬਰਿੰਦਰ ਕੁਮਾਰ ਮਧੇਕੇ ਜ਼ਿਲ੍ਹਾ ਪ੍ਰਧਾਨ ਆਦਮੀ ਪਾਰਟੀ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਐਸ. ਡੀ. ਐਮ. ਮੋਗਾ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ ਅਤੇ ਹੋਰ ਹਾਜ਼ਰ ਸਨ।