ਸਕੂਲ ਸਿੱਖਿਆ ਦਰਜਾਬੰਦੀ ‘ਚ ਪੰਜਾਬ ਦੇ ਭਾਰਤ ‘ਚੋਂ ਪਹਿਲੇ ਸਥਾਨ ‘ਤੇ ਆਉਣ ਲਈ ਮੁੱਖ ਮੰਤਰੀ ਵੱਲੋਂ ਅਧਿਆਪਕਾਂ ਨਾਲ ਵਿਚਾਰ-ਵਟਾਂਦਰੇ ਦਾ ਵਰਚੂਅਲ ਸਮਾਰੋਹ
ਮੋਗਾ, 10 ਜੂਨ (ਗੁਰਪ੍ਰਸਾਦ ਸਿੱਧੂ, ਗੁਰਪ੍ਰੀਤ ਗਹਿਲੀ)
ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਸਕੂਲ ਸਿੱਖਿਆ ਦੇ ਖੇਤਰ ‘ਚ ਕੀਤੇ ਗਏ ਲਾਮਿਸਾਲ ਸੁਧਾਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਮਿਹਨਤ ਦਾ ਨਤੀਜਾ ਹੈ, ਜੌ ਅੱਜ ਪੂਰੇ ਦੇਸ਼ ਦੇ ਸਾਹਮਣੇ ਹੈ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕੀਤਾ।
ਉਹ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਅਧਿਆਪਕਾਂ ਨਾਲ ਵਰਚੂਅਲ ਵਿਚਾਰ-ਵਟਾਂਦਰਾ ਕੀਤੇ ਜਾਣ ਦੌਰਾਨ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ ਅਤੇ ਹੋਰ ਵੀ ਮੌਜੂਦ ਸਨ।
ਸ੍ਰੀ ਹੰਸ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਦਰਜਾਬੰਦੀ ‘ਚ ਪੰਜਾਬ ਨੂੰ ਸਕੂਲ ਸਿੱਖਿਆ ਦੇ ਖੇਤਰ ‘ਚ ਭਾਰਤ ਵਿੱਚੋਂ ਪਹਿਲੇ ਸਥਾਨ ‘ਤੇ ਆਉਣਾ ਪੰਜਾਬ, ਪੰਜਾਬੀਆਂ ਤੇ ਸਿੱਖਿਆ ਵਿਭਾਗ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਠੋਸ ਫੈਸਲੇ ਕੀਤੇ ਹਨ। ਸ੍ਰੀ ਹੰਸ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਨੇ ਸੂਬੇ ਦੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਨਾਲ-ਨਾਲ ਅਰਬੀ, ਚੀਨੀ, ਫਰੈਂਚ ਤੇ ਹੋਰ ਭਾਸ਼ਾਵਾਂ ਸਿਖਾਉਣ ਸਮੇਤ ਖੇਡਾਂ ਦੇ ਖੇਤਰ ‘ਚ ਵੀ ਮੋਹਰੀ ਬਣਾਉਣ ਦਾ ਬੀੜਾ ਉਠਾਇਆ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਰਅੰਦੇਸ਼ੀ ਸੋਚ ਸਦਕਾ ਸਿੱਖਿਆ ਮਹਿਕਮੇ ਨੇ ਪ੍ਰੀ-ਪ੍ਰਾਇਮਰੀ ਸਿੱਖਿਆ ‘ਤੇ ਧਿਆਨ ਕੇਂਦਰਤ ਕੀਤਾ ਜੋ ਕਿ ਅੱਜ ਦੀ ਪ੍ਰਾਪਤੀ ਦਾ ਨੀਂਹ ਪੱਥਰ ਸੀ। ਇਸ ਤੋਂ ਇਲਾਵਾ ਅਧਿਆਪਕਾਂ ਦੀ ਅਣਥੱਕ ਮਿਹਨਤ, ਸਰਕਾਰ ਵੱਲੋਂ ਸਮਾਜ ਸੇਵੀਆਂ, ਅਧਿਆਪਕਾਂ ਤੇ ਸਨਅਤਕਾਰਾਂ ਨਾਲ ਮਿਲਕੇ ਖੜ੍ਹੇ ਕੀਤੇ ਬੁਨਿਆਦੀ ਢਾਂਚੇ ਨੇ ਪੰਜਾਬ ਨੂੰ ਸਾਡੇ ਬੱਚਿਆਂ ਦੇ ਭਵਿੱਖ ਨਾਲ ਜੁੜੀ ਇਸ ਪ੍ਰਾਪਤੀ ਦੇ ਯੋਗ ਬਣਾਇਆ ਹੈ।