ਹਰ ਸ਼ੁੱਕਰਵਾਰ ਮਨਾਇਆ ਜਾ ਰਿਹਾ ਡਰਾਈ ਡੇਅ
ਮੋਗਾ 28 ਅਕਤੂਬਰ (ਜਗਰਾਜ ਗਿੱਲ ਮਨਪ੍ਰੀਤ ਮੋਗਾ) ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ। ਉਨਾਂ ਲੋਕਾਂ ਨੂੰ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਲਈ ਜ਼ਿਲਾ ਵਾਸੀਆਂ ਦੇ ਸਹਿਯੋਗ ਦੀ ਅਤਿਅੰਤ ਲੋੜ ਹੈ।
ਇਸ ਸੰਬੰਧੀ ਉਨਾਂ ਕਿਹਾ ਕਿ ਜ਼ਿਲਾ ਮੋਗਾ ਵਿੱਚ ਕੋਵਿਡ 19 ਦੇ ਮਾਮਲਿਆਂ ਵਿੱਚ ਭਾਵੇਂ ਕੁਝ ਘਟਾਅ ਆਇਆ ਹੈ ਪ੍ਰੰਤੂ ਸਾਨੂੰ ਹਾਲੇ ਅਵੇਸਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਡੇਂਗੂ ਤੋਂ ਬਚਣ ਦੀ ਵੀ ਓਨੀਂ ਹੀ ਜ਼ਰੂਰਤ ਹੈ ਜਿੰਨੀ ਕਿ ਕਰੋਨਾ ਤੋਂ। ਕਰੋਨਾ ਮਹਾਂਮਾਰੀ ਦੌਰਾਨ ਡੇਂਗੂ ਦੀ ਬਿਮਾਰੀ ਨੂੰ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ। ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਲਈ ਜਗਾ ਜਗਾ ’ਤੇ ਚੈਕਿੰਗ ਕਰ ਰਹੀਆਂ ਹਨ ਤਾਂ ਕਿ ਡੇਂਗੂ ਦਾ ਮਾੜਾ ਪ੍ਰਭਾਵ ਕਿਸੇ ਵੀ ਇਨਸਾਨ ’ਤੇ ਨਾ ਪਵੇ।
ਉਨਾਂ ਕਿਹਾ ਕਿ ਡੇਂਗੂ ਵਿਰੁੱਧ ਛੇੜੀ ਜੰਗ ਵਿੱਚ ਸਿਹਤ ਵਿਭਾਗ ਦਾ ਸਾਨੂੰ ਸਾਰਿਆਂ ਨੂੰ ਰਲ ਕੇ ਸਾਥ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਆਪਣੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋਣ ਵਾਲੀ ਜਗਾ ਜਿਵੇਂ ਕਿ ਕੂਲਰਾਂ, ਗਮਲਿਆਂ, ਫਰਿੱਜਾਂ ਆਦਿ ਦੀਆਂ ਟ੍ਰੇਆਂ ਨੂੰ ਸਾਫ ਕਰਨ ਅਤੇ ਚੰਗੀ ਤਰਾਂ ਸੁਕਾਉਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ। ਇਸੇ ਮਕਸਦ ਤਹਿਤ ਸਿਹਤ ਵਿਭਾਗ ਹੁਣ ਹਰ ਹਫ਼ਤੇ ਭਾਵ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾ ਰਿਹਾ ਹੈ। ਹਰੇਕ ਸ਼ੁੱਕਰਵਾਰ ਨੂੰ ਡੇਂਗੂ ਦਾ ਲਾਰਵਾ ਪੈਦਾ ਹੋਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇੱਥੋਂ ਮਿਲਣ ਵਾਲੇ ਲਾਰਵੇ ਜਾਂ ਖੜੇ ਪਾਣੀ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਮੁੜ ਅਪੀਲ ਕੀਤੀ ਹੈ ਕਿ ਮਿਸ਼ਨ ਫਤਹਿ ਅਤੇ ਤੰਦਰੁਸਤ ਪੰਜਾਬ ਵਿੱਚ ਆਪਣਾ ਵੱਡਮੁੱਲਾ ਹਿੱਸਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਹਫ਼ਤੇ ਦੇ ਦਿਨ ਫਰਾਈਡੇਅ ਨੂੰ ਡਰਾਈ ਡੇਅ ਵਜੋਂ ਮਨਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਕਰੋਨਾ ਅਤੇ ਡੇਂਗੂ ਦੀ ਚਪੇਟ ਵਿੱਚ ਆਉਣ ਤੋਂ ਬਚ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੇੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਹੈੱਲਪਲਾਈਨ ਨੰਬਰ 104 ’ਤੇ ਵੀ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।