ਵੱਖ ਵੱਖ ਥਾਵਾਂ ਤੇ ਮਿਲੇ ਲਾਰਵੇ ਨੂੰ ਮੌਕੇ ਤੇ ਕਰਵਾਇਆ ਨਸ਼ਟ
ਮੋਗਾ, 12 ਅਕਤੂਬਰ (ਜਗਰਾਜ ਸਿੰਘ ਗਿੱਲ )
ਪੰਜਾਬ ਸਰਕਾਰ ਵੱਲੋਂ ਡੇਂਗੂ ਅਤੇ ਮਲੇਰੀਏ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਮਨਸੂਬੇ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਹੁਕਮਾਂ ਤਹਿਤ, ਸੀਨੀਅਰ ਮੈਡੀਕਲ ਅਫਸਰ ਪੀ.ਐੱਚ.ਸੀ. ਕੋਟ ਈਸੇ ਖਾਂ ਅਤੇ ਸ੍ਰੀ ਦਵਿੰਦਰ ਸਿੰਘ ਤੂਰ ਈ ਓ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਦੇਖ ਰੇਖ ਹੇਠ ਸਿਹਤ ਵਿਭਾਗ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਟੀਮ ਵੱਲੋਂ ਸ਼ਹਿਰ ਕੋਟ ਈਸੇ ਖਾਂ ਦੀਆਂ ਕਬਾੜ ਦੀਆਂ ਦੁਕਾਨਾਂ, ਟਾਇਰਾਂ ਦੀਆਂ ਦੁਕਾਨਾਂ ਅਤੇ ਘਰਾਂ ਦੀ ਚੈਕਿੰਗ ਕੀਤੀ ਗਈ।
ਸਿਹਤ ਵਿਭਾਗ ਦੀ ਇਸ ਟੀਮ ਵਿੱਚ ਨੋਡਲ ਅਫਸਰ ਆਈ.ਡੀ.ਐਸ.ਪੀ. ਸ੍ਰੀ ਰਾਜ ਦਵਿੰਦਰ ਸਿੰਘ ਗਿੱਲ, ਨੋਡਲ ਅਫਸਰ ਸੈਨੀਟੇਸ਼ਨ ਸ੍ਰੀ ਰਛਪਾਲ ਸਿੰਘ ਹੇਅਰ, ਮਲਟੀਪਰਪਜ਼ ਹੈਲਥ ਵਰਕਰ ਮੇਲ ਸ੍ਰੀ ਪਰਗਟ ਸਿੰਘ, ਸ੍ਰੀ ਪਰਮਜੀਤ ਸਿੰਘ ਅਮਨ ਕਾਲੜਾ ਅਤੇ ਦੀਪਕ ਕੁਮਾਰ ਸ਼ਾਮਿਲ ਸਨ।
ਨੋਡਲ ਅਫ਼ਸਰ ਆਈ.ਡੀ.ਐਸ.ਪੀ. ਸ੍ਰੀ ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਸ਼ਹਿਰ ਕੋਟ ਈਸੇ ਖਾਂ ਦੀਆਂ ਕਬਾੜ ਦੀਆਂ ਦੁਕਾਨਾਂ ਨੂੰ ਚੈੱਕ ਕੀਤਾ ਗਿਆ ਅਤੇ ਉੱਥੇ ਪਏ ਸਾਮਾਨ ਟੂਟੀਆਂ, ਟੈਂਕੀਆਂ, ਟੁੱਟੇ ਟਾਇਰ ਆਦਿ ਸਾਰੇ ਚੈੱਕ ਕੀਤੇ ਗਏ ਅਤੇ ਇਸ ਦੇ ਨਾਲ ਹੀ ਲਗਪਗ ਸੌ ਘਰਾਂ ਦੀ ਚੈਕਿੰਗ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਕੁਝ ਕੁ ਘਰਾਂ ਵਿੱਚੋਂ ਲਾਰਵਾ ਮਿਲਿਆ ਜੋ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਅਤੇ ਜਿਸ ਘਰ ਵਿੱਚੋਂ ਲਾਰਵਾ ਮਿਲਿਆ ਉਸ ਘਰ ਵਿੱਚ ਸਖ਼ਤ ਤਾੜਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਦੱਸਿਆ ਗਿਆ ਕਿ ਫਰਿੱਜ ਦੇ ਪਿੱਛੇ ਲੱਗੀ ਟਰੇਅ ਵਿਚ ਡੇਂਗੂ ਦਾ ਲਾਰਵਾ ਪਲਦਾ ਹੈ, ਇਸ ਟਰੇ ਨੂੰ ਹਫ਼ਤੇ ਵਿਚ ਤਿੰਨ ਵਾਰੀ ਸਾਫ਼ ਕਰਕੇ ਸੁੱਕਾ ਕਰਕੇ ਲਗਾਉਣਾ ਚਾਹੀਦਾ ਹੈ। ਕੂਲਰ ਦਾ ਪਾਣੀ ਹਰ ਰੋਜ਼ ਬਦਲਣਾ ਚਾਹੀਦਾ ਹੈ ਘਰ ਵਿੱਚ ਟੂਟੀਆਂ, ਟੈਂਕੀਆਂ, ਟੁੱਟੇ ਟਾਇਰ ਆਦਿ ਨਹੀਂ ਰੱਖਣੇ ਚਾਹੀਦੇ। ਘਰ ਦੇ ਬਾਹਰ ਬਣੀ ਨਾਲੀ ਵਿੱਚ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਜਿਸ ਨਾਲ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਖਤਮ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵੱਖ ਵੱਖ ਥਾਵਾਂ ਤੇ ਮਿਲੇ ਲਾਰਵੇ ਨੂੰ ਖਤਮ ਕਰਨ ਲਈ ਨਗਰ ਪੰਚਾਇਤ ਅਤੇ ਸਿਹਤ ਵਿਭਾਗ ਵੱਲੋਂ ਫਾਗਿੰਗ ਕਰਵਾਈ ਗਈ ਅਤੇ ਘਾਹ ਨੂੰ ਖਤਮ ਕਰਨ ਦੇ ਲਈ ਰਾਊਂਡਅੱਪ ਦੀ ਸਪਰੇਅ ਵੀ ਕਰਵਾਈ ਗਈ ।
ਡਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਡੀ ਇਹ ਟੀਮ ਪੂਰਾ ਹਫ਼ਤਾ ਘਰਾਂ ਦੀ ਚੈਕਿੰਗ ਕਰੇਗੀ।