ਮੋਗਾ, 16 ਅਗਸਤ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਦੇ ਤਹਿਤ ਸਿਵਲ ਹਸਪਤਾਲ ਮੋਗਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਜਨ ਔਸ਼ਧੀ ਸਟੋਰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। ਇਸ ਸਟੋਰ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਹਰਚਰਨ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰ. ਗੁਰਬੀਰ ਸਿੰਘ ਕੋਹਲੀ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰ. ਹਰਪਾਲ ਸਿੰਘ ਗਿੱਲ, ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਸਟੇਟ ਅਵਾਰਡੀ ਸ੍ਰ. ਦਵਿੰਦਰਪਾਲ ਸਿੰਘ, ਐਕਸੀਅਨ ਪੰਚਾਇਤੀ ਰਾਜ ਸ੍ਰੀ ਰਾਜੇਸ਼ ਕਾਂਸਲ ਅਤੇ ਹੋਰ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹੰਸ ਨੇ ਦੱਸਿਆ ਕਿ ਵੱਖ-ਵੱਖ ਕਾਰਨਾਂ ਦੇ ਚੱਲਦਿਆਂ ਇਹ ਸਟੋਰ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਸੀ, ਜਿਸ ਕਾਰਨ ਗਰੀਬ ਅਤੇ ਲੋੜ੍ਹਵੰਦ ਲੋਕਾਂ ਨੂੰ ਬਾਜ਼ਾਰ ਵਿੱਚੋਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਹੁਣ ਇਹ ਲੋਕ ਇਸ ਸਟੋਰ ਤੋਂ ਬਹੁਤ ਹੀ ਘੱਟ ਰੇਟ ‘ਤੇ ਦਵਾਈਆਂ ਖਰੀਦ ਸਕਣਗੇ। ਇਹ ਸਟੋਰ ਹਰ ਰੋਜ਼ 24 ਘੰਟੇ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਲੋੜੀਂਦੇ ਸਟਾਫ਼ ਦੇ ਨਾਲ-ਨਾਲ ਇਸ ਸਟੋਰ ਨੂੰ ਚਲਾਉਣ ਅਤੇ ਦਵਾਈਆਂ ਦੀ ਖਰੀਦੋ-ਫਰੋਖ਼ਤ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਐੱਸ. ਡੀ. ਐੱਮ. ਮੋਗਾ, ਐੱਸ. ਐੱਮ. ਓ. ਮੋਗਾ, ਡਰੱਗ ਇੰਸਪੈਕਟਰ ਸੋਨੀਆ ਗੁੱਟਾ, ਸਟੇਟ ਅਵਾਰਡੀ ਦਵਿੰਦਰਪਾਲ ਸਿੰਘ, ਡਾ. ਸੀਮਾਂਤ ਗਰਗ ਅਤੇ ਡਾ. ਅਰਵਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਸ਼੍ਰੀ ਹੰਸ ਨੇ ਦੱਸਿਆ ਕਿ ਇਹ ਸਟੋਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਖੋਲ੍ਹਿਆ ਗਿਆ ਹੈ ਜਿਸ ਵਿੱਚ ਸਿਰਫ਼ ਜੈਨੇਰਿਕ ਦਵਾਈਆਂ ਹੀ ਮਿਲਿਆ ਕਰਨਗੀਆਂ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਦੇਖਣ ਵਿੱਚ ਆਇਆ ਹੈ ਕਿ ਕੋਵਿਡ 19 ਦੇ ਚੱਲਦਿਆਂ ਆਮ ਲੋਕਾਂ ਦਾ ਮਹਿੰਗੀਆਂ ਦਵਾਈਆਂ ਨੇ ਵੀ ਕਾਫੀ ਆਰਥਿਕ ਨੁਕਸਾਨ ਕੀਤਾ ਹੈ। ਹਾਲ ਹੀ ਵਿਚ ਇਸ ਸਟੋਰ ਦੀ ਰੈਨੋਵੇਸ਼ਨ ਲਈ ਅਤੇ ਸਾਰੀਆਂ ਜੈਨਰਿਕ ਦਵਾਈਆਂ ਦੀ ਉੱਪਲਬਧਤਾ ਯਕੀਨੀ ਬਣਾਉਣ ਲਈ ਲਗਭਗ 11 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਜਨ ਅੋਸ਼ਧੀ ਸਟੋਰ ਗਰੀਬ ਲੋਕਾਂ ਲਈ ਕਾਫੀ ਲਾਹੇਵੰਦ ਹੈ।