ਸ਼੍ਰੀ ਕ੍ਰਿਸ਼ਨ ਪ੍ਰਤਾਪ ਜੀ ਦਾ ਨਵਾਂ ਨਾਵਲ ‘ਰੰਗੋਂ ਬਦਰੰਗ’ ਕੀਤਾ ਗਿਆ ਲੋਕ ਅਰਪਣ ।

ਮੋਗਾ ਜਗਰਾਜ ਸਿੰਘ ਗਿੱਲ 

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਸ਼੍ਰੀ ਕ੍ਰਿਸ਼ਨ ਪ੍ਰਤਾਪ ਜੀ ਦਾ ਨਵਾਂ ਨਾਵਲ ‘ਰੰਗੋਂ ਬਦਰੰਗ’ ਲੋਕ ਅਰਪਣ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਬਲਦੇਵ ਸੜਕਨਾਮਾ ਨੇ ਦੱਸਿਆ ਕਿ ਇਹ ਕ੍ਰਿਸ਼ਨ ਪ੍ਰਤਾਪ ਦੀ ਸੱਤਵੀਂ ਪੁਸਤਕ ਹੈ ਅਤੇ ਉਹ ਕਿੱਤੇ ਵਜੋਂ ਇੱਕ ਈਮਾਨਦਾਰ ਅਤੇ ਮਿਹਨਤੀ ਅਧਿਆਪਕ ਹਨ।ਨਵੇਂ ਨਾਵਲ ਵਿੱਚ ਉਹਨਾਂ ਨੇ ਨਸ਼ੇ ਸਮੇਤ ਹੋਰ ਵੀ ਕਈ ਸਮਾਜਿਕ ਮੁੱਦਿਆਂ ਨੂੰ ਚੁਣਿਆ ਹੈ।

ਇਸ ਮੌਕੇ ਪਾਲੀ ਖ਼ਾਦਿਮ ਨੇ ਦੱਸਿਆ ਕਿ ਕ੍ਰਿਸ਼ਨ ਪ੍ਰਤਾਪ ਦੇ ਨਾਮ ਸ਼ੁਮਾਰ ਪੰਜਾਬੀ ਬੋਲੀ ਦੇ ਪਰਪੱਕ ਨਾਵਲਕਾਰਾਂ ‘ਚ ਹੁੰਦਾ ਹੈ।ਜੋ ਵੀ ਲੇਖਕ ਨੇ ਤਨ-ਮਨ ‘ਤੇ ਹੰਢਾਇਆ, ਉਸ ਨੂੰ ਪੂਰੀ ਈਮਾਨਦਾਰੀ ਨਾਲ ਪਾਠਕਾਂ ਅੱਗੇ ਪਰੋਸ ਦਿੱਤਾ ਹੈ।

ਨਵਜੀਤ ਸਿੰਘ ਜੀ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਕਿ ਬੇਬਾਕ ਹੋ ਕੇ ਲਿਖਣਾ ਅਤੇ ਬੋਲਣਾ ਕ੍ਰਿਸ਼ਨ ਪ੍ਰਤਾਪ ਦੇ ਸੁਭਾਅ ‘ਚ ਹੈ। ਉਹਨਾਂ ਕਿਹਾ ਕਿ ਅਧਿਆਪਕ ਹੋਣ ਦੇ ਨਾਲ-ਨਾਲ ਸਾਹਿਤ ਨਾਲ ਆਪਣੇ-ਆਪ ਨੂੰ ਜੋੜ ਕੇ ਰੱਖਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਉਹਨਾਂ ਦੱਸਿਆ ਕਿ ਇਹ ਨਾਵਲ ਬਹੁਤ ਹੀ ਵਧੀਆ ਅਤੇ ਰਵਾਨੀ ਵਾਲਾ ਹੈ।ਉਹਨਾਂ ਨਵੀਂ ਕਿਤਾਬ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਸਭ ਨੂੰ ਸਾਹਿਤ ਨਾਲ ਜੁੜਣ ਅਤੇ ਸਮਰਪਿਤ ਹੋਣ ਲਈ ਵੀ ਪ੍ਰੇਰਿਆ।

ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਨੇ ਲੇਖਕ ਦੇ ਅਸਲ ਜੀਵਨ ਵਿੱਚ ਵੀ ਸੰਘਰਸ਼ਮਈ ਹੋਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਲੇਖਕ ਦੀਆਂ ਬੇਟੀਆਂ ਨੇ ਵੀ ਵੱਖ-ਵੱਖ ਖੇਤਰਾਂ ਵਿੱਚ ਦੇਸ਼-ਵਿਦੇਸ਼ ਵਿੱਚ ਵੀ ਆਪਣਾ ਨਾਮ ਰੌਸ਼ਨ ਕੀਤਾ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਕੇ.ਐਲ.ਗਰਗ ਨੇ ਕ੍ਰਿਸ਼ਨ ਪ੍ਰਤਾਪ ਦੀ ਲੋਕ ਪੱਖੀ ਲੇਖਣੀ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਲੇਖਕ ਦੀਆਂ ਸਾਰੀਆਂ ਕਿਤਾਬਾਂ ਨੇ ਹੀ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ।

ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਸਾਹਿਤ ਹੀ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਕ੍ਰਿਸ਼ਨ ਪ੍ਰਤਾਪ ਵਰਗੇ ਕਈ ਲੇਖਕ ਆਪਣਾ ਕੰਮ ਬਾਖੂਬੀ ਕਰ ਰਹੇ ਹਨ।

ਇਸ ਮੌਕੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ. ਪਰਮਿੰਦਰਜੀਤ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਸ਼੍ਰੀ ਕ੍ਰਿਸ਼ਨ ਪ੍ਰਤਾਪ ਨੇ ਸਾਰੇ ਸਾਹਿਤਕਾਰਾਂ, ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਵਿਸ਼ਵ ਪ੍ਰਸਿੱਧ ਗਾਇਕ ਜੀ.ਐਸ.ਪੀਟਰ, ਬਲਜੀਤ ਸਿੰਘ ਸਰਪੰਚ, ਰਾਕੇਸ਼ ਬਜਾਜ ਕਾਲਾ ਐਮ.ਸੀ,ਕਰਮਜੀਤ ਮਾਣੂੰਕੇ, ਹਰਦੀਪ ਟੋਡਰਪੁਰ, ਵਿਵੇਕ ਕੋਟ ਈਸੇ ਖਾਂ, ਰਾਮਜੀ ਦਾਸ, ਸਤਪਾਲ ਸਹਿਗਲ, ਰੁਬੀਨਾ ਅਤੇ ਭੀਮ ਨਗਰ ਸਕੂਲ ਦਾ ਸਟਾਫ ਹਾਜ਼ਰ ਸਨ।

Leave a Reply

Your email address will not be published. Required fields are marked *