ਮੋਗਾ 3 ਅਕਤੂਬਰ (ਜਗਰਾਜ ਸਿੰਘ ਗਿੱਲ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਸ਼੍ਰੀ ਕ੍ਰਿਸ਼ਨ ਪ੍ਰਤਾਪ ਜੀ ਦੀ ਵਾਰਤਕ ਪੁਸਤਕ ‘ਸਚੈ ਮਾਰਗਿ ਚਲਦਿਆ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਤੋਂ ਪਹਿਲਾਂ ਕ੍ਰਿਸ਼ਨ ਪ੍ਰਤਾਪ ਜੀ ਦੇ ਚਾਰ ਨਾਵਲ ਆ ਚੁੱਕੇ ਹਨ, ਜਿਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਬਲਦੇਵ ਸਿੰਘ ਸੜਕਨਾਮਾ ਨੇ ਦੱਸਿਆ ਕਿ ਇਹ ਕ੍ਰਿਸ਼ਨ ਪ੍ਰਤਾਪ ਦੀ ਪੰਜਵੀਂ ਪੁਸਤਕ ਹੈ ਅਤੇ ਉਹ ਕਿੱਤੇ ਵਜੋਂ ਇੱਕ ਈਮਾਨਦਾਰ ਅਤੇ ਮਿਹਨਤੀ ਅਧਿਆਪਕ ਹਨ।ਇਸ ਨਵੀਂ ਪੁਸਤਕ ਵਿੱਚ ਉਹਨਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਚੁਣਿਆ ਹੈ।ਇਸ ਮੌਕੇ ਅਮਰ ਸੂਫ਼ੀ ਜੀ ਨੇ ਦੱਸਿਆ ਕਿ ਕ੍ਰਿਸ਼ਨ ਪ੍ਰਤਾਪ ਦੇ ਨਾਮ ਸ਼ੁਮਾਰ ਪੰਜਾਬੀ ਬੋਲੀ ਦੇ ਪਰਪੱਕ ਨਾਵਲਕਾਰਾਂ ‘ਚ ਹੁੰਦਾ ਹੈ।
ਇਹ ਵਾਰਤਕ ਪੁਸਤਕ ਲੇਖਾਂ ਦਾ ਸੰਗ੍ਰਹਿ ਹੈ।ਇਸ ਵਿਚਲੇ ਬਹੁਤ ਸਾਰੇ ਲੇਖ ਜੀਵਨੀ-ਮੂਲਕ ਹਨ।ਜੋ ਵੀ ਲੇਖਕ ਨੇ ਤਨ-ਮਨ ‘ਤੇ ਹੰਢਾਇਆ, ਉਸ ਨੂੰ ਪੂਰੀ ਈਮਾਨਦਾਰੀ ਨਾਲ ਪਾਠਕਾਂ ਅੱਗੇ ਪਰੋਸ ਦਿੱਤਾ ਹੈ।ਵਿਅੰਗਕਾਰ ਸ਼੍ਰੀ ਕੇ.ਐਲ.ਗਰਗ ਜੀ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਕਿ ਬੇਬਾਕ ਹੋ ਕੇ ਲਿਖਣਾ ਅਤੇ ਬੋਲਣਾ ਕ੍ਰਿਸ਼ਨ ਪ੍ਰਤਾਪ ਦੇ ਸੁਭਾਅ ‘ਚ ਹੈ। ਉਹਨਾਂ ਕਿਹਾ ਕਿ ਅਧਿਆਪਕ ਹੋਣ ਦੇ ਨਾਲ-ਨਾਲ ਸਾਹਿਤ ਨਾਲ ਆਪਣੇ-ਆਪ ਨੂੰ ਜੋੜ ਕੇ ਰੱਖਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਉਹਨਾਂ ਦੱਸਿਆ ਕਿ ਇਹ ਪੁਸਤਕ ਬਹੁਤ ਹੀ ਵਧੀਆ ਅਤੇ ਰਵਾਨੀ ਵਾਲੀ ਹੈ।ਉਹਨਾਂ ਨਵੀਂ ਕਿਤਾਬ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਸਭ ਨੂੰ ਸਾਹਿਤ ਨਾਲ ਜੁੜਣ ਅਤੇ ਸਮਰਪਿਤ ਹੋਣ ਲਈ ਵੀ ਪ੍ਰੇਰਿਆ।ਇਸ ਮੌਕੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ. ਪਰਮਿੰਦਰਜੀਤ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਸ਼੍ਰੀ ਕ੍ਰਿਸ਼ਨ ਪ੍ਰਤਾਪ ਨੇ ਸਾਰੇ ਸਾਹਿਤਕਾਰਾਂ, ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾਕਟਰ ਇੰਦਰਬੀਰ ਸਿੰਘ, ਵਿਸ਼ਵ ਪ੍ਰਸਿੱਧ ਗਾਇਕ ਜੀ.ਐਸ.ਪੀਟਰ, ਰਾਕੇਸ਼ ਬਜਾਜ ਉਰਫ ਕਾਲਾ ਐਮ.ਸੀ., ਕਰਮਜੀਤ ਮਾਣੂੰਕੇ, ਨਾਵਲਕਾਰ ਜਸਵਿੰਦਰ ਛਿੰਦਾ, ਕਲਦੀਪ ਭੋਲਾ, ਰਣਜੀਤ ਸਰਾਂਵਾਲੀ, ਕਹਾਣੀਕਾਰ ਰਾਜਵਿੰਦਰ ਰਾਜਾ,ਹਾਕਮ ਸਿੰਘ ਧਾਲੀਵਾਲ,ਤੀਰਥ ਚੜਿੱਕ, ਰਾਮਜੀ ਦਾਸ,ਗਾਇਕ ਹਰਪ੍ਰੀਤ ਮੋਗਾ, ਪ੍ਰੇਮ ਕੁਮਾਰ, ਅਤੇ ਭੀਮ ਨਗਰ ਸਕੂਲ ਦਾ ਸਟਾਫ ਹਾਜ਼ਰ ਸਨ।