ਪੰਜਾਬ ਸਰਕਾਰ ਹਰੇਕ ਸੂਬਾ ਵਾਸੀ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ – ਵਿਧਾਇਕ ਦਰਸ਼ਨ ਸਿੰਘ ਬਰਾੜ
– ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਪੂਰਾ ਕਰਵਾਇਆ ਜਾਵੇਗਾ – ਡਿਪਟੀ ਕਮਿਸ਼ਨਰ
ਮੋਗਾ, 22 ਫਰਵਰੀ (ਜਗਰਾਜ ਸਿੰਘ ਗਿੱਲ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਨੂੰ ਇਸ ਵੇਲੇ ਬਲ ਮਿਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਨਲਾਈਨ ਸਮਾਗਮ ਰਾਹੀਂ ਸ਼ਹਿਰ ਮੋਗਾ ਸਮੇਤ 16 ਸ਼ਹਿਰਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕੀਤੇ।
ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ, ਜਿਸ ਵਿੱਚ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ੍ਰ ਦਰਸ਼ਨ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਸ੍ਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਾਸੀ ਨੂੰ ਉਹਨਾਂ ਦੇ ਘਰਾਂ ਤੱਕ ਸ਼ੁੱਧ ਪੀਣ ਵਾਲਾ ਪਾਣੀ, ਸਵੱਛਤਾ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲਾ ਮੋਗਾ ਦੇ 85 ਪਿੰਡਾਂ ਨੂੰ ਪੀਣਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ 218 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਪਲਾਂਟ ਪਿੰਡ ਦੌਧਰ ਵਿਖੇ ਲਗਾਇਆ ਗਿਆ ਹੈ, ਜਿਸ ਦੀ ਸਮਰੱਥਾ ਰੋਜ਼ਾਨਾ 50 ਕਰੋੜ ਲੀਟਰ (50 ਐਮ.ਐਲ.ਡੀ.) ਪਾਣੀ ਸਾਫ਼ ਕਰਨ ਦੀ ਹੈ।ਇਸ ਪ੍ਰੋਜੈਕਟ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਲਾਭ ਮਿਲਣ ਲੱਗਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਹੰਸ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਨੇ 1 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਹਨ। ਉਹਨਾਂ ਕਿਹਾ ਕਿ ਇਹਨਾਂ ਕਾਰਜਾਂ ਅਧੀਨ ਹੀ ਸ਼ਹਿਰ ਮੋਗਾ ਦਾ ਅਧੂਰਾ ਸੀਵਰੇਜ ਸਿਸਟਮ ਮੁਕੰਮਲ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜ਼ਿਲ੍ਹਾ ਮੋਗਾ ਦੇ 85 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਲਗਾਇਆ ਗਿਆ ਪੰਜਾਬ ਦਾ ਪਹਿਲਾ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਲੋਕਾਂ ਨੂੰ ਸਮਰਪਿਤ ਕੀਤਾ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪ੍ਰੋਜੈਕਟ ਨੂੰ ਜਲਦ ਹੀ ਮੁਕੰਮਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।