ਸ਼ਹਿਰ ਦੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ – ਵਿਧਾਇਕ ਡਾਕਟਰ ਹਰਜੋਤ ਕਮਲ
– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਉ ਕਾਨਫਰੰਸਿੰਗ ਜ਼ਰੀਏ ਕਈ ਲੋਕ ਹਿੱਤ ਯੋਜਨਾਵਾਂ ਦੀ ਸ਼ੁਰੂਆਤ
ਮੋਗਾ, 7 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ) – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ਬਸੇਰਾ ਦੇ ਤਹਿਤ ਮੋਗਾ ਵਿਖੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲਿਆਂ ਨੂੰ ਉਨਾਂ ਦੇ ਮਾਲਕਾਨਾ ਹੱਕ ਮੋਗਾਜੀਤ ਸਿੰਘ (ਪਿੰਡ ਦੁੱਨੇਕੇ) ਵਿਖੇ ਵੱਖਰੇ ਤੌਰ ’ਤੇ ਮਿਊਂਸਿਪਲ ਹੱਦ ਅੰਦਰ ਆਉਂਦੀ ਜ਼ਮੀਨ ਵਿਖੇ ਤਬਦੀਲ ਕਰਨ ਸਬੰਧੀ ਦਿੱਤੇ ਗਏ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੂਅਲ ਪ੍ਰੋਗਰਾਮ ਦੌਰਾਨ ਇਥੋਂ ਦੇ ਬਾਸ਼ਿੰਦਿਆਂ ਨੂੰ ਮਾਲਕਾਨਾ ਹੱਕ ਦਿੱਤੇ, ਜਿਸ ਨਾਲ ਨਗਰ ਨਿਗਮ ਮੋਗਾ ਦੇ 252 (ਮੋਗਾ ਦੀਆਂ ਤਿੰਨ ਝੁੱਗੀ-ਝੌਂਪੜੀਆਂ ਦੇ ਨਿਵਾਸੀਆਂ ਨੂੰ ਤਬਦੀਲ ਕੀਤਾ ਜਾਵੇਗਾ) ਪਰਿਵਾਰਾਂ ਨੂੰ ਲਾਭ ਪੁੱਜੇਗਾ। ਇਸ ਯੋਜਨਾ ਨਾਲ ਸੂਬੇ ਦੇ ਸਮੂਹ ਜ਼ਿਲਿਆਂ ਵਿੱਚ 1 ਲੱਖ ਤੋਂ ਵੱਧ ਝੁੱਗੀ-ਝੌਂਪੜੀ ਵਾਲਿਆਂ ਨੂੰ ਅਜਿਹੇ ਮਾਲਕਾਨਾ ਹੱਕ ਮਿਲਣਗੇ।
ਇਸ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਮੋਗਾ ਦੇ ਵਿਧਾੲਿਕ ਡਾਕਟਰ ਹਰਜੋਤ ਕਮਲ ਨੇ ਕਿਹਾ ਕਿ
ਬਸੇਰਾ ਸਕੀਮ, ਜੋ ਕਿ ਪੰਜਾਬ ਪ੍ਰੋਪਰਾਈਟਰੀ ਰਾਈਟਸ ਟੂ ਸਲੱਮ ਡਵੈਲਰਜ਼ ਐਕਟ, 2020 ਸਮੇਤ ਸਬੰਧਤ ਨਿਯਮਾਂ ਦੇ ਤਹਿਤ ਆਉਂਦੀ ਹੈ, ਸੂਬਾ ਸਰਕਾਰ ਵੱਲੋਂ ਏਕਿਕ੍ਰਿੱਤ ਸ਼ਹਿਰੀ ਵਿਕਾਸ ਅਤੇ ਯੋਜਨਾਬੰਦੀ ਦੀ ਦਿਸ਼ਾ ਵਿੱਚ ਇਕ ਵੱਡੀ ਪੁਲਾਂਘ ਹੈ। ਬਸੇਰਾ, ਜਿਸ ਨੂੰ ਕਿ ਸੂਬੇ ਦੀ ਕੈਬਨਿਟ ਵੱਲੋਂ ਪਹਿਲਾਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਸ਼ਹਿਰਾਂ ਦੀਆਂ ਝੁੱਗੀ-ਝੌਂਪੜੀਆਂ ਨੂੰ ਸ਼ਹਿਰ ਦੇ ਬਾਕੀ ਹਿੱਸੇ ਨਾਲ ਮੌਜੂਦਾ ਸਮੁੱਚੀ ਸ਼ਹਿਰੀ ਯੋਜਨਾਬੰਦੀ ਦੀ ਮਦਦ ਨਾਲ ਰਲਾਉਣ ਦੀ ਨੀਂਹ ਰੱਖੇਗੀ।
ਉਹਨਾਂ ਕਿਹਾ ਕਿ ਦਾ ਪੰਜਾਬ ਸਲੱਮ ਡਵੈਲਰਜ਼ (ਪ੍ਰੋਪਰਾਈਟਰੀ ਰਾਈਟਸ) ਐਕਟ, 2020 ਦੀ ਨੋਟੀਫਿਕੇਸ਼ਨ ਦੀ ਮਿਤੀ ਭਾਵ 1 ਅਪ੍ਰੈਲ, 2020 ਨੂੰ ਕਿਸੇ ਵੀ ਸ਼ਹਿਰੀ ਖੇਤਰ ਦੇ ਝੁੱਗੀ-ਝੌਂਪੜੀ ਵਾਲੇ ਹਿੱਸੇ ਵਿਚਲੀ ਜ਼ਮੀਨ ਵਾਲੇ ਘਰ ਇਸ ਸਕੀਮ ਲਈ ਪਾਤਰ ਹੋਣਗੇ। ਪਰ, ਲਾਭਪਾਤਰੀਆਂ ਨੂੰ ਤਬਾਦਲਾ ਕੀਤੀ ਜ਼ਮੀਨ 30 ਵਰਿਆਂ ਤੱਕ ਕਿਸੇ ਦੂਜੇ ਦੇ ਨਾਂਅ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਬੇਘਰੇ ਲੋਕਾਂ ਨੂੰ ਉਹਨਾਂ ਦੇ ਕੰਮ ਵਾਲੇ ਸਥਾਨ ਦੇ ਨੇੜੇ ਹੀ ਘਰਾਂ ਦੇ ਮਾਲਕ ਬਣਾਇਆ ਹੈ।
ਉਹਨਾਂ ਕਿਹਾ ਕਿ ਮੋਗਾ ਵਿੱਚ ਮੌਜੂਦਾ ਸਮੇਂ ਦੌਰਾਨ ਝੁੱਗੀ-ਝੌਂਪੜੀ ਵਾਲੇ ਘਰਾਂ ਦੇ ਸਰਵੇਖਣ ਦੇ ਨਾਲ-ਨਾਲ ਹੀ ਝੁੱਗੀ-ਝੌਂਪੜੀਆਂ ਦੀ ਪਛਾਣ ਅਤੇ ਇਨਾਂ ਦੀਆਂ ਹੱਦਾਂ ਦੀ ਰੂਪ-ਰੇਖਾ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ ਹੀ ਝੁੱਗੀ-ਝੌਂਪੜੀ ਨਿਵਾਸੀਆਂ ਦੇ ਕਬਜ਼ੇ ਹੇਠਲੀ ਜ਼ਮੀਨ ਦੇ ਸੁਰੱਖਿਅਤ ਹੋਣ ਸਬੰਧੀ ਅਧਿਐਨ ਵੀ ਕੀਤਾ ਜਾ ਰਿਹਾ ਹੈ। ਐਮ.ਸੀ. ਮੋਗਾ ਦੇ ਲਾਭਪਾਤਰੀ ਜਿਨਾਂ ਨੂੰ ਮੋਗਾਜੀਤ ਸਿੰਘ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ, ਦੀ ਗਿਣਤੀ 130 (ਨਿਹਾਰੀ ਬਸਤੀ ਅਤੇ ਸੂਰਜ ਨਗਰ ਉੱਤਰ), 104 (ਨਵੀਂ ਦਾਣਾ ਮੰਡੀ) ਅਤੇ 18 (ਪ੍ਰੀਤ ਨਗਰ ਨੇੜੇ ਕੋਟਕਪੂਰਾ ਬਾਇਪਾਸ) ਹੈ। ਇਸ ਤਰ੍ਹਾਂ ਇਸ ਯੋਜਨਾ ਨਾਲ ਮੋਗਾ ਦੇ 1300 ਲੋਕਾਂ ਨੂੰ ਲਾਭ ਮਿਲਣ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਅੱਜ ਦੇ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟ ਮੀਟਰ ਪ੍ਰੋਜੈਕਟ, ਈ – ਦਾਖਿਲ ਯੋਜਨਾ, ਧੀਆਂ ਦੀ ਲੋਹੜੀ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਸੂਬੇ ਭਰ ਦੀਆਂ ਗਤੀਸ਼ੀਲ 2500 ਖੇਡ ਕਲੱਬਾਂ ਨੂੰ ਖੇਡ ਕਿੱਟਾਂ ਵੰਡਣ ਦੀ ਵੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਯੋਜਨਾਵਾਂ ਨਾਲ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਹਾਰਾ ਮਿਲੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਨਗਰ ਨਿਗਮ ਮੋਗਾ ਦੇ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ, ਚੇਅਰਮੈਨ ਸ੍ਰ ਇੰਦਰਜੀਤ ਸਿੰਘ ਧਾਲੀਵਾਲ, ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ ਅਤੇ ਹੋਰ ਹਾਜ਼ਰ ਸਨ।