ਮੋਗਾ 3 ਨਵੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਨਗਰ ਨਿਗਮ ਮੋਗਾ ਨੇ ਅਜਿਹੇ ਕੁੱਤਿਆਂ ਦੀ ਨਸਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ 6000 ਤੋਂ ਵਧੇਰੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸਨ ਵੀ ਜਾਰੀ ਹੈ। ਨਸਬੰਦੀ ਕੰਮ ਲਈ ਸਥਾਨਕ ਬੁੱਕਣ ਵਾਲਾ ਰੋਡ ਉੱਤੇ ਐਨੀਮਲ ਬਰਥ ਕੰਟਰੋਲ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਕੰਮ ਲਈ ਮੱਧ ਪ੍ਰਦੇਸ਼ ਦੀ ਭਿੰਡੀ ਰਿਸ਼ੀ ਪਸ਼ੂ ਕੰਪਨੀ ਨਾਲ ਨਗਰ ਨਿਗਮ ਵੱਲੋਂ ਇਕਰਾਰ ਕੀਤਾ ਗਿਆ ਹੈ। ਇਕਰਾਰ ਤਹਿਤ ਕੰਪਨੀ ਵਲੋਂ ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਨੂੰ ਫੜ੍ਹਿਆ ਜਾਂਦਾ ਹੈ ਅਤੇ ਨਸਬੰਦੀ ਕਰਨ ਉਪਰੰਤ ਮੁੜ ਉਥੇ ਹੀ ਛੱਡਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਇਸ ਸੈਂਟਰ ਵਿਚ 30 ਘੁਰਨੇ ਬਣਾਏ ਗਏ ਹਨ। ਕੰਪਨੀ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਕੁੱਤੇ ਫੜ੍ਹੇ ਜਾ ਰਹੇ ਹਨ। ਹੁਣ ਤੱਕ 900 ਤੋਂ ਵਧੇਰੇ ਨਸਬੰਦੀ ਹੋ ਚੁੱਕੀ ਹੈ।
ਸ਼੍ਰੀਮਤੀ ਦਰਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੀ ਨਗਰ ਨਿਗਮ ਕੋਲ ਰਜਿਸਟਰੇਸ਼ਨ ਕਰਵਾ ਲੈਣ ਤਾਂ ਜੌ ਉਹਨਾਂ ਨੂੰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਸ ਸਬੰਧੀ ਨਗਰ ਨਿਗਮ ਦੇ ਮੁੱਖ ਸੇਨੇਟਰੀ ਇੰਸਪੈਕਟਰ ਬਿਕਰਮ ਸਿੰਘ (8288998189) ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਨੂੰ ਅਵਾਰਾ ਕੁੱਤਿਆਂ ਬਾਰੇ ਸਮੱਸਿਆ ਹੈ ਤਾਂ ਉਹ 7017525560 ਨੰਬਰ ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਮੁੜ ਅਪੀਲ ਕੀਤੀ ਕਿ ਉਹ ਆਪਣੇ ਕੁੱਤਿਆਂ ਦੇ ਗਲਾਂ ਵਿੱਚ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਏ ਰੋਕਣ ਲਗਾ ਕੇ ਰੱਖਣ ਤਾਂ ਜੌ ਭਵਿੱਖ ਵਿੱਚ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲੇਗੀ।