ਮੋਗਾ, 21 ਨਵੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਸ਼ਹਿਰ ਮੋਗਾ ਨੂੰ ਸੁੰਦਰ ਦਿੱਖ ਦੇਣ ਦੀ ਸ਼ੁਰੂ ਕੀਤੀ ਕਵਾਇਦ ਨੂੰ ਅੱਗੇ ਤੋਰਦਿਆਂ ਨਗਰ ਨਿਗਮ ਨੇ ਪੰਜ ਵਪਾਰਕ ਸੜਕਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਚੁੱਕਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਕੰਮ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਟਰਾਲੀਆਂ ਅਤੇ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ। ਇਹ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਨਗਰ ਨਿਗਮ ਦਾ ਟੀਚਾ ਹੈ ਕਿ ਸ਼ਹਿਰ ਮੋਗਾ ਨੂੰ ਦੇਸ਼ ਦੇ ਸਭ ਤੋਂ ਸੋਹਣੇ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਕਰਵਾਇਆ ਜਾਵੇ। ਸਵੱਛ ਭਾਰਤ ਮਿਸ਼ਨ ਤਹਿਤ ਇਸ ਦਿਸ਼ਾ ਵਿੱਚ ਉਪਰਾਲੇ ਸ਼ੁਰੂ ਕੀਤੇ ਗਏ ਹਨ।
ਉਹਨਾਂ ਕਿਹਾ ਅੱਜ ਤੋਂ ਸ਼ਹਿਰ ਵਿੱਚ ਪੈਂਦੀਆਂ ਜੀ ਟੀ ਰੋਡ, ਅਕਾਲਸਰ ਰੋਡ, ਗਾਂਧੀ ਰੋਡ, ਪ੍ਰਤਾਪ ਰੋਡ ਅਤੇ ਮੇਨ ਕੋਰਟ ਰੋਡ ਤੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੂੜਾ ਚੁੱਕਣ ਬਦਲੇ ਦੁਕਾਨਦਾਰਾਂ ਤੋਂ ਨਗਰ ਨਿਗਮ ਵੱਲੋਂ ਨਿਰਧਾਰਤ ਯੂਜਰ ਕਿਰਾਇਆ ਹੀ ਲਿਆ ਜਾਵੇਗਾ। ਇਹ ਕਿਰਾਇਆ ਈਪੋਸ ਮਸ਼ੀਨਾਂ ਨਾਲ ਹੀ ਲਿਆ ਜਾਵੇਗਾ ਤਾਂ ਜੌ ਪਾਰਦਰਸ਼ਤਾ ਰੱਖੀ ਜਾ ਸਕੇ। ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਦਾ ਕੂੜਾ ਦੁਕਾਨਾਂ ਦੇ ਬਾਹਰ ਨਾ ਸੁੱਟਣ ਸਗੋਂ ਅਲੱਗ ਅਲੱਗ ਕਰਕੇ ਰੱਖਣ ਤਾਂ ਜੌ ਇਹ ਆਸਾਨੀ ਨਾਲ ਚੁੱਕਿਆ ਜਾ ਸਕੇ।
ਉਹਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਕੰਮ ਲਈ ਵਿਸ਼ੇਸ਼ ਟਰਾਲੀਆਂ ਅਤੇ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ। ਸਟਾਫ ਨੂੰ ਬਕਾਇਦਾ ਵਰਦੀ, ਸ਼ਨਾਖ਼ਤੀ ਕਾਰਡ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਮੋਗਾ ਨੂੰ ਸੁੰਦਰ ਬਣਾਉਣ ਵਿੱਚ ਨਗਰ ਨਿਗਮ ਨੂੰ ਸਹਿਯੋਗ ਕਰਨ। ਉਹਨਾਂ ਇਸ ਕੰਮ ਲਈ ਨਗਰ ਨਿਗਮ ਦੇ ਸਫਾਈ ਕਰਮੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ।