ਇਨਸਾਫ ਨਾ ਮਿਲਣ ‘ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਦੋਕੇ (ਮੋਗਾ) ਦੀ ਪ੍ਰਿੰਸੀਪਲ ਦੀ ਸਿਆਸੀ ਰੰਜਿਸ਼ ਤਹਿਤ ਜ਼ਬਰੀ ਬਦਲੀ ਕਰ ਦਿੱਤੀ ਗਈ ਹੈ। ਜਿਲਾ ਪ੍ਰਧਾਨ ਡੀਟੀਐੱਫ਼ ਮੋਗਾ ਅਮਨਦੀਪ ਮਟਵਾਣੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਸਸਸ ਸੈਦੋਕੇ ਜ਼ਿਲ੍ਹਾ ਹੈੱਡਕੁਆਟਰ ਤੋਂ ਬਹੁਤ ਦੂਰ, ਜਿਲਾ ਬਠਿੰਡਾ ਦੀ ਹੱਦ ਨਾਲ ਲੱਗਦਾ ਹੈ ਜਿੱਥੇ ਲੰਮੇ ਸਮੇਂ ਤੋਂ ਪੋਸਟਾਂ ਖਾਲੀ ਰਹਿੰਦੀਆਂ ਸਨ ਅਤੇ ਮਾੜੇ ਪ੍ਰਬੰਧਾਂ ਕਰਕੇ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੁੰਦਾ ਰਹਿੰਦਾ ਸੀ। ਪਰ ਜਦੋਂ ਤੋਂ ਪ੍ਰਿੰਸੀਪਲ ਮੈਡਮ ਵੱਲੋਂ ਸਕੂਲ ਦਾ ਚਾਰਜ ਸੰਭਾਲਿਆ ਹੈ ਉਦੋਂ ਤੋਂ ਸਕੂਲ ਦੇ ਪ੍ਰਬੰਧ ਵਿੱਚ ਸੁਧਾਰ ਅਤੇ ਪੜਾਈ ਦਾ ਪੱਧਰ ਵੀ ਉੱਚਾ ਹੋਇਆ ਹੈ। ਪ੍ਰਿੰਸੀਪਲ ਮੈਡਮ ਦੀ ਅਗਵਾਈ ਵਿੱਚ ਸਕੂਲ ਤਰੱਕੀ ਕਰ ਰਿਹਾ ਹੈ। ਪਰ ਕੁੱਝ ਸਿਆਸੀ ਅਸਰ ਰਸੂਖ਼ ਵਾਲੇ ਅਨਸਰਾਂ ਨੂੰ ਸਕੂਲ ਦੀ ਤਰੱਕੀ ਚੁ਼ਭਦੀ ਸੀ। ਇਸ ਕਰਕੇ ਸ਼ਰਾਰਤੀ ਅਨਸਰਾਂ ਨੇ ਸਿੱਖਿਆ ਵਿਭਾਗ ਅੱਗੇ ਗਲਤ , ਝੂਠੇ , ਮਨਘੜਤ ਤੱਥ ਪੇਸ਼ ਕਰਕੇ ਜਬਰੀ ਬਦਲੀ ਕਰਵਾ ਦਿੱਤੀ। ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਨੇ ਵੀ ਹਾਸੋਹੀਣੀ ਤੇ ਗੈਰ-ਵਿਭਾਗੀ ਸਥਿਤੀ ਪੈਦਾ ਕਰ ਦਿੱਤੀ ਕਿ ਸੀ.ਐੱਸ.ਆਰ. ਨਿਯਮਾਂ ਅਨੁਸਾਰ ਪੜਤਾਲ ਕਰਨ ਦੀ ਬਜਾਏ ਇੱਕ ਪਾਸੜ ਕਾਰਵਾਈ ਕਰ ਦਿੱਤੀ, ਪੀੜਤ ਧਿਰ ਦਾ ਪੱਖ ਵੀ ਨਹੀਂ ਸੁਣਿਆ ਗਿਆ। ਪ੍ਰਿੰਸੀਪਲ ਮੈਡਮ ਦਾ ਕਸੂਰ ਸਿਰਫ਼ ਏਨਾ ਹੈ ਕਿ ਉਹ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਜੀ ਹਜੂਰੀ ਨਹੀਂ ਕਰਦੇ ਸੀ। ਸਮੂਹ ਅਧਿਆਪਕ ਵਰਗ , ਮਾਪੇ, ਵਿਦਿਆਰਥੀ ਅਤੇ ਪਿੰਡ ਵਾਸੀ ਇਸ ਗੱਲ ਦੀ ਮੰਗ ਕਰਦੇ ਹਨ ਕਿ ਪ੍ਰਿੰਸੀਪਲ ਮੈਡਮ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਜਿਹੜੇ ਅਨਸਰਾਂ ਨੇ ਜਬਰੀ ਬਦਲੀ ਕਰਵਾਈ ਹੈ, ਉਨ੍ਹਾਂ ਦੇ ਨਾਂਅ ਜਨਤਕ ਕੀਤੇ ਜਾਣ। ਬਦਲੀ ਕਰਵਾਉਣ ਲਈ ਗੁੰਮਰਾਹ ਕਰਨ ਵਾਲੇ ਅਨਸਰਾਂ ਨੂੰ ਸਾਜਿਸ਼ ਰਚਣ ਦੀ ਸਜਾ ਦਿੱਤੀ ਜਾਵੇ। ਪੀੜਤ ਪ੍ਰਿੰਸੀਪਲ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ।
ਪ੍ਰੈੱਸ ਨੋਟ ਜਾਰੀ ਕਰਦਿਆਂ ਜਗਵੀਰਨ ਕੌਰ ਜ਼ਿਲ੍ਹਾ ਸਕੱਤਰ ਡੀਟੀਐੱਫ਼ ਮੋਗਾ ਨੇ ਦੱਸਿਆ ਕਿ ਜੇਕਰ ਤੁਰੰਤ ਇਨਸਾਫ ਨਾ ਕੀਤਾ ਗਿਆ, ਜਬਰੀ ਬਦਲੀ ਰੱਦ ਨਾ ਕੀਤੀ ਗਈ ਤਾਂ ਅਧਿਆਪਕ ਜਥੇਬੰਦੀਆਂ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਵਿੱਢੇ ਜਾ ਚੁੱਕੇ ਸੰਘਰਸ਼ ਨੂੰ ਪੁਰਜੋਰ ਹਮਾਇਤ ਕੀਤੀ ਜਾਵੇਗੀ। ਅਮਨਦੀਪ ਮਾਛੀਕੇ ਬਲਾਕ ਪ੍ਰਧਾਨ ਨੇ ਦੱਸਿਆ ਕਿ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਜਥੇਬੰਦੀ ਦੀ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ ਹੈ।
ਇਸ ਸਮੇਂ ਸੁਖਪਾਲਜੀਤ ਮੋਗਾ ਜਿਲ੍ਹਾ ਮੀਤ ਪ੍ਰਧਾਨ, ਗੁਰਮੀਤ ਝੋਰੜਾਂ ਜਿਲਾ ਵਿੱਤ ਸਕੱਤਰ, ਸੁਖਵਿੰਦਰ ਘੋਲੀਆ ਜ਼ਿਲ੍ਹਾ ਸਹਾਇਕ ਸਕੱਤਰ, ਮੈਡਮ ਮਧੂ ਬਾਲਾ, ਸ਼ਿੰਗਾਰਾ ਸਿੰਘ ਸੈਦੋਕੇ, ਅਮਰਦੀਪ ਬੁੱਟਰ, ਹੀਰਾ ਸਿੰਘ ਢਿੱਲੋਂ ਬਲਾਕ ਸਕੱਤਰ , ਸੁਖਜੀਤ ਕੁੱਸਾ, ਜਸਕਰਨ ਭੁੱਲਰ, ਪ੍ਰੇਮ ਕੁਮਾਰ, ਵਾਸ ਮਸੀਹ, ਸਵਰਨਦਾਸ, ਕਰਮਜੀਤ ਬੁਰਜਹਮੀਰਾ ਸਮੇਤ ਬਹੁਤ ਸਾਰੇ ਅਧਿਆਪਕ ਹਾਜਰ ਸਨ।