ਵਧੀਕ ਡਿਪਟੀ ਕਮਿਸ਼ਨਰ ਨੇ 13 ਅਤੇ 14 ਮਾਰਚ ਨੂੰ ਕਣਕ ਦੀ ਵੰਡ ਵਾਲੇ ਡਿਪੂਆਂ ਦੀ ਜਾਣਕਾਰੀ ਕੀਤੀ ਸਾਂਝੀ
ਰਾਸ਼ਨ ਡਿਪੂਆਂ ਵਿੱਚ ਕਣਕ ਦੀ ਵੰਡ ਦੇ ਨਾਲ ਨਾਲ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਵੀ ਬਣਾਏ ਜਾਣਗੇ
ਮੋਗਾ, 12 ਮਾਰਚ (ਜਗਰਾਜ ਸਿੰਘ ਗਿੱਲ ਮਨਪ੍ਰੀਤ)
ਵਧੀਕ ਡਿਪਟੀ ਕਮਿਸ਼ਨਰ (ਜ਼) ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਨੀਲਾ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਦਾ ਕੰਮ ਪ੍ਰਗਤੀ ਅਧੀਨ ਹੈ। ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਰਾਸ਼ਨ ਡਿਪੂਆਂ ਵਿੱਚ ਕਣਕ ਦੀ ਵੰਡ ਦੇ ਨਾਲ ਨਾਲ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ ਕਾਰਡ ਵੀ ਬਣਾਏ ਜਾ ਰਹੇ ਹਨ, ਜਿਸ ਨਾਲ ਲਾਭਪਾਤਰੀ ਦੇ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਸਲਾਨਾ ਬੀਮਾ ਦਾ ਲਾਭ ਮਿਲਦਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਕੈਂਪਾਂ ਜਰੀਏ ਵੀ ਇਸ ਸਕੀਮ ਦੇ ਕਾਰਡ ਬਣਾਏ ਜਾ ਰਹੇ ਹਨ ਅਤੇ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਵੀ ਪੈਦਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਹਰ ਯੋਗ ਲਾਭਪਾਤਰੀ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਦਿਵਾਉਣ ਲਈ ਯਤਨਸ਼ੀਲ ਹੈ।
ਉਨ੍ਹਾਂ ਦੱਸਿਆ ਕਿ ਨੀਲਾ ਕਾਰਡ ਧਾਰਕਾਂ ਨੂੰ ਮਿਤੀ 13 ਮਾਰਚ, 2021 ਨੂੰ ਮੋਗਾ ਸ਼ਹਿਰ ਦੇ ਰਾਸ਼ਨ ਡਿਪੂਆਂ ਜਿਵੇਂ ਕਿ ਨੇੜੇ ਸਿਵਲ ਹਸਪਤਾਲ ਮੋਗਾ, ਭੀਮ ਨਗਰ ਕੈਂਪ ਨੇੜੇ, ਸਿਟੀ ਕਲੋਨੀ ਨੇੜੇ ਗਿੱਲ ਪੈਲੇਸ, ਚੁੰਗੀ ਨੰਬਰ 3 ਬਾਬਾ ਟੇਕ ਸਿੰਘ, ਰੇਲਵੇ ਰੋਡ ਮੋਗਾ ਅਤੇ ਮਿਤੀ 14 ਮਾਰਚ, 2021 ਨੂੰ ਸ਼ੇਖਾਂ ਵਾਲਾ ਚੌਂਕ ਮੋਗਾ, ਜੀਰਾ ਰੋਡ ਗਲੀ ਨੰਬਰ 3 ਮੋਗਾ, ਸਾਧਾਂ ਵਾਲੀ ਬਸਤੀ ਨੇੜੇ ਮਾਤਾ ਮੰਦਰ, ਜੀਰਾ ਰੋਡ ਨੇੜੇ ਸੂਰਜ ਕੰਡਾ, ਰੇਲਵੇ ਰੋਡ ਮੋਗਾ, ਚੁੰਗੀ ਨੰਬਰ 3 ਬਾਬਾ ਟੇਕ ਸਿੰਘ, ਬਹੋਨਾ ਚੌਂਕ ਮੋਗਾ, ਨੇੜੇ ਸਿਵਲ ਹਸਪਤਾਲ ਮੋਗਾ ਵਿਚਲੇ ਡਿਪੂਆਂ ਵਿੱਚ ਕਣਕ ਦੀ ਵੰਡ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੋਗਾ ਸ਼ਹਿਰ ਤੋਂ ਇਲਾਵਾ ਮਿਤੀ 13 ਅਤੇ 14 ਮਾਰਚ, 2021 ਨੂੰ ਬਾਘਾਪੁਰਾਣਾ, ਵੈਰੋਕੇ, ਮਾੜੀ ਮੁਸਤਫ਼ਾ, ਲਧਾਈ ਕੇ, ਸਮਾਧ ਭਾਈ, ਮਾਣੂੰਕੇ, ਵਾਂਦਰ, ਚੋਟੀਆਂ ਕਲਾਂ, ਸੰਧੂਆਂ ਵਾਲਾ, ਬੁੱਟਰ, ਅਜੀਤਵਾਲ, ਕੋਟ ਈਸੇ ਖਾਂ, ਸੁਖਾਨੰਦ, ਸਾਹੋਕੇ, ਕੈਲਾ, ਫਤਹਿਗੜ੍ਹ ਪੰਜਤੂਰ, ਭਿੰਡਰ ਕਲਾਂ, ਤਲਵੰਡੀ ਮੱਲ੍ਹੀਆਂ, ਧਰਮਕੋਟ, ਬੱਡੂ ਵਾਲਾ, ਅੰਮੀਵਾਲਾ, ਲੋਹਾਰਾ, ਮੀਨੀਆਂ ਪਿੰਡਾਂ ਦੇ ਰਾਸ਼ਨ ਡਿਪੂਆਂ ਵਿੱਚ ਵੀ ਨੀਲਾ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਅਤੇ ਪਿੰਡਾਂ ਦੇ ਰਾਸ਼ਨ ਡਿਪੂਆਂ ਵਿੱਚ ਕਣਕ ਦੀ ਵੰਡ ਦੇ ਨਾਲ ਨਾਲ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਾਉਣ ਲਈ ਇੱਥੇ ਵੀ ਇਹ ਈ ਕਾਰਡ ਬਣਾਏ ਜਾ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਸੇਵਾ ਕੇਂਦਰ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਸ਼ਨੀਵਾਰ ਮਿਤੀ 13 ਫਰਵਰੀ, 2021 ਨੂੰ ਵੀ ਖੁੱਲ੍ਹੇ ਰੱਖੇ ਜਾਣਗੇ। ਇਨ੍ਹਾਂ ਸੇਵਾ ਕੇਂਦਰਾਂ ਵਿੱਚ ਬਾਘਾਪੁਰਾਣਾ ਵਿੱਚ ਮੂਗਲੂ ਪੱਤੀ ਵਿੱਚ ਸਥਿਤ ਸੇਵਾ ਕੇਂਦਰ, ਧਰਮਕੋਟ ਸਬ ਡਵੀਜਨ ਵਿੱਚ ਦਫਤਰ ਨਗਰ ਕੌਂਸਲ ਵਿੱਚ ਸਥਿਤ ਸੇਵਾ ਕੇਂਦਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫਤਰ ਕੋਟ ਈਸੈ ਖਾਂ ਵਿਖੇ ਸਥਿਤ ਸੇਵਾ ਕੇਂਦਰ, ਨਗਰ ਨਿਗਮ ਮੋਗਾ ਦੇ ਦਫਤਰ ਦੀ ਬਿਲਡਿੰਗ ਵਿੱਚ ਸਥਿਤ ਸੇਵਾ ਕੇਂਦਰ, ਸਰਕੂਲਰ ਰੋਡ ਨੇੜੇ ਬਾਬੂ ਐਮ ਸੀ ਰੋਡ ਜੁੰਕਸਨ ਮੋਗਾ ਵਿਖੇ ਸਥਿਤ ਸੇਵਾ ਕੇਂਦਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਸੁਵਿਧਾ ਕੇਂਦਰ, ਨਿਹਾਲ ਸਿੰਘ ਵਾਲਾ ਦੇ ਤਹਿਸੀਲ ਦਫਤਰ ਵਿੱਚ ਸਥਿਤ ਸੇਵਾ ਕੇਂਦਰ, ਸਬ ਤਹਿਸੀਲ ਬਧਨੀ ਕਲਾਂ ਵਿਖੇ ਸਥਿਤ ਸੇਵਾ ਕੇਂਦਰ, ਬਾਘਾਪੁਰਾਣਾ ਦੇ ਸਮਾਲਸਰ ਪਿੰਡ ਵਿਚ ਸਥਿਤ ਸੇਵਾ ਕੇਂਦਰ, ਜਲਾਲਾਬਾਦ ਈਸਟ ਧਰਮਕੋਟ ਦਾ ਸੇਵਾ ਕੇਂਦਰ, ਅਜੀਤਵਾਲ ਵਿਖੇ ਸਥਿਤ ਸੇਵਾ ਕੇਂਦਰ ਸ਼ਾਮਿਲ ਹਨ।
ਸ੍ਰੀਮਤੀ ਅਨੀਤਾ ਦਰਸ਼ੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਨੂੰ ਖੁੱਲ੍ਹੇ ਰੱਖੇ ਜਾਣ ਵਾਲੇ ਸੇਵਾ ਕੇਂਦਰ ਜਿਹੜੇ ਕਿ ਸਿਰਫ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਖੁੱਲ੍ਹੇ ਰੱਖੇ ਜਾਣਗੇ ਦਾ ਵੱਧ ਤੋਂ ਵੱਧ ਲਾਹਾ ਲੈਣ।