ਮੋਗਾ 16 ਮਾਰਚ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਗਲੇ ਅਕਾਦਮਿਕ ਸੈਸ਼ਨ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਉਣ ਲਈ ਯਤਨ ਕਰਨ ਤਾਂ ਜੌ ਕੋਈ ਵੀ ਬੱਚਾ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਸਕੇ।ਉਹ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਮੂਹ ਵਿਭਾਗਾਂ ਨਾਲ ਮਹੀਨਾਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਕਰੋਨਾ ਕਾਰਨ ਮੌਜੂਦਾ ਸੈਸ਼ਨ ਤਾਂ ਬਿਨਾ ਸਕੂਲ ਗਿਆਂ ਹੀ ਲੰਘ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋਇਆ ਹੈ। ਪਰ ਫਿਰ ਵੀ ਸਿੱਖਿਆ ਵਿਭਾਗ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਪਸੀ ਹੰਭਲੇ ਨਾਲ ਜ਼ਿਲ੍ਹਾ ਮੋਗਾ ਵਿੱਚ ਸਿੱਖਿਆ ਦਾ ਪੱਧਰ ਅਤੇ ਮਿਆਰ ਠੀਕ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਜਲਦ ਤੋਂ ਜਲਦ ਸਮਾਰਟ ਸਕੂਲ ਵਿੱਚ ਤਬਦੀਲ ਕੀਤਾ ਜਾਵੇ। ਸਰਕਾਰੀ ਸਕੂਲਾਂ ਦੀ ਦਸ਼ਾ ਹੁਣ ਪਹਿਲਾਂ ਨਾਲੋਂ ਬਹੁਤ ਸੁਧਰ ਗਈ ਹੈ। ਉਹਨਾਂ ਹਦਾਇਤ ਕੀਤੀ ਕਿ ਜ਼ਿਲ੍ਹਾ ਮੋਗਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਤੋਂ ਵਧੇਰੇ ਦਾਖਲਾ ਦਰ ਵਿੱਚ ਵਾਧਾ ਯਕੀਨੀ ਬਣਾਇਆ ਜਾਵੇ। ਇਸ ਕੰਮ ਲਈ ਸਕੂਲ ਮੁੱਖੀਆਂ ਅਤੇ ਮਾਪਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਨਰੋਲਮੈਂਟ ਬੂਸਟਰ ਕਲੱਬਾਂ ਦਾ ਗਠਨ ਕੀਤਾ ਜਾਵੇ।
ਸ਼੍ਰੀ ਹੰਸ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਕਿ ਲਗਾਤਾਰ ਕੀਤੇ ਜਾ ਰਹੇ ਯਤਨਾਂ ਕਾਰਨ ਜ਼ਿਲ੍ਹਾ ਮੋਗਾ ਵਿੱਚ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਰੁਝਾਨ ਲਗਾਤਾਰ ਵਧ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਦੌਰਾਨ ਪ੍ਰੀ ਪ੍ਰਾਇਮਰੀ, ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਕਲਾਸਾਂ ਵਿੱਚ 7 ਤੋਂ 15 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਸ਼੍ਰੀ ਹੰਸ ਨੇ ਕਿਹਾ ਕਿ ਅਗਾਮੀ ਸੈਸ਼ਨ ਤੋਂ ਸਕੂਲਾਂ ਵਿੱਚ ਕੋਈ ਵੀ ਬੁਨਿਆਦੀ ਸਹੂਲਤ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਜਲਦ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਢੁੱਕਵੀਂ ਜਗ੍ਹਾ ਉੱਤੇ ਆਈਲੈਟਸ ਦੀ ਤਿਆਰੀ ਲਈ ਇਕ ਸੈਂਟਰ ਸ਼ੁਰੂ ਕਰਨ ਦਾ ਪ੍ਰਸਤਾਵ ਹੈ। ਇਸ ਸੈਂਟਰ ਵਿੱਚ ਜ਼ਿਲ੍ਹੇ ਦੇ ਬੱਚਿਆਂ ਨੂੰ ਬਹੁਤ ਹੀ ਮਾਮੂਲੀ ਫੀਸ ਨਾਲ ਤਿਆਰੀ ਕਰਵਾਈ ਜਾਵੇਗੀ। ਇਹ ਸੈਂਟਰ ਨੋ – ਪ੍ਰੋਫਿੱਟ ਦੀ ਸੋਚ ਨਾਲ ਚਲਾਇਆ ਜਾਵੇਗਾ। ਉਹਨਾਂ ਸਿੱਖਿਆ ਅਧਿਕਾਰੀਆਂ ਨੂੰ ਸਕੂਲਾਂ ਦੇ ਸਿਵਲ ਵਰਕਸ ਅਤੇ ਹੋਰ ਕੰਮਾਂ ਨੂੰ ਨਿਰੰਤਰ ਜਾਰੀ ਰੱਖਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਇਸ ਸਬੰਧੀ ਰਿਪੋਰਟ ਸਮੇਂ ਸਮੇਂ ਉਤੇ ਉਹਨਾਂ ਨੂੰ ਭੇਜੀ ਜਾਂਦੀ ਰਹੇ।
ਉਹਨਾਂ ਉਪ ਮੰਡਲ ਮੈਜਿਸਟਰੇਟ ਅਧਿਕਾਰੀਆਂ ਨੂੰ ਮੁੜ੍ਹ ਕਿਹਾ ਕਿ ਉਹ ਨਸ਼ਾ ਮੁਕਤ ਭਾਰਤ ਮਿਸ਼ਨ ਤਹਿਤ ਆਪਣੀ ਆਪਣੀ ਸਬ ਡਵੀਜਨ ਦਾ ਐਕਸ਼ਨ ਪਲਾਨ ਤਿਆਰ ਕਰਕੇ ਭੇਜਣ ਤਾਂ ਜੌ ਉਸ ਮੁਤਾਬਿਕ ਗਤੀਵਿਧੀਆਂ ਸ਼ੁਰੂ ਕਰਵਾਈਆਂ ਜਾ ਸਕਣ। ਉਹਨਾਂ ਕਿਹਾ ਕਿ ਐੱਸ ਡੀ ਐੱਮਜ਼ ਆਪੋ ਆਪਣੀਆਂ ਸਬ ਡਵੀਜਨਾਂ ਵਿੱਚ ਖੇਡਾਂ ਅਤੇ ਰੋਜ਼ਗਾਰ ਸਬੰਧੀ ਵਿਲੱਖਣ ਪ੍ਰੋਗਰਾਮ ਸ਼ੁਰੂ ਕਰਨ ਅਤੇ ਇਹਨਾਂ ਪ੍ਰੋਗਰਾਮਾਂ ਤੋਂ ਇੱਛਤ ਨਤੀਜੇ ਪ੍ਰਾਪਤ ਕਰਨ ਲਈ ਯਤਨ ਕਰਨ। ਉਹਨਾਂ ਇਸ ਦਿਸ਼ਾ ਵਿੱਚ ਉਪ ਮੰਡਲ ਮੈਜਿਸਟਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਲੋਹਾਰਾ ਅਕਾਦਮੀ ਦੀ ਪ੍ਰਸ਼ੰਸਾ ਕੀਤੀ।
ਉਹਨਾਂ ਰੋਜ਼ਗਾਰ ਵਿਭਾਗ ਨੂੰ ਹਦਾਇਤ ਕੀਤੀ ਕਿ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮਾਮਲੇ ਵਿਚ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਭ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਹਨਾਂ ਸਾਰੇ ਵਿਭਾਗਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਗਤੀਵਿਧੀਆਂ ਚਾਲੂ ਰੱਖੀਆਂ ਜਾਣ। ਉਹਨਾਂ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਸਕੂਲਾਂ ਅਤੇ ਹੋਰ ਅਦਾਰਿਆਂ ਵਿਚ ਸੈਂਪਲ ਲੈਣ ਦਾ ਪਹਿਲਾਂ ਖਾਕਾ ਤਿਆਰ ਕੇ ਲਿਆ ਕਰਨ ਤਾਂ ਜੌ ਸਬੰਧਤ ਵਿਭਾਗ ਜਾਂ ਦਫ਼ਤਰ ਨਾਲ ਅਗਾਊਂ ਸਾਂਝਾ ਕਰ ਲਿਆ ਜਾਇਆ ਕਰੇ।
ਉਹਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪੱਧਰ ਉੱਤੇ ਲੋਕ ਸੇਵਾਵਾਂ ਨਾਲ ਸਬੰਧਤ ਮਾਮਲੇ ਬਕਾਇਆ ਨਾ ਹੋਣ। ਅਜਿਹੇ ਮਾਮਲੇ ਤੁਰੰਤ ਨਿਪਟਾਉਣੇ ਯਕੀਨੀ ਬਣਾਏ ਜਾਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਅਤੇ ਸ਼੍ਰੀ ਸੁਭਾਸ਼ ਚੰਦਰ, ਸਾਰੇ ਉਪ ਮੰਡਲ ਮੈਜਿਸਟਰੇਟ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਹਾਜ਼ਰ ਸਨ।