- •
ਮੋਗਾ 14 ਨਵੰਬਰ ( ਮਿੰਟੂ ਖੁਰਮੀ,ਕੁਲਦੀਪ ਨਿਹਾਲ ਸਿੰਘ ਵਾਲਾ) ਔਰਤਾਂ ਘਰੇਲੂ ਹਿੰਸਾ, ਸਰੀਰਿਕ ਸ਼ੋਸ਼ਣ ਅਤੇ ਵਧ ਰਹੇ ਸਾਈਬਰ ਕ੍ਰਾਈਮ ਆਦਿ ਸਬੰਧੀ ਆਪਣੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਲਈ ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਗਈ ਆਧੁਨਿਕ ਤਕਨਾਲੋਜੀ ਦੀ ‘ਸ਼ਕਤੀ ਐਪ’ ਨੂੰ ਵੱਧ ਤੋ ਵੱਧ ਵਰਤੋ ਵਿੱਚ ਲਿਆਉਣ ਅਤੇ ਇਸ ਸਬੰਧੀ ਈ ਮੇਲ ncw0nic.in ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਹ ਪ੍ਰਗਟਾਵਾ ਮੈਬਰ ਰਾਸ਼ਟਰੀ ਕਮਿਸ਼ਨ ਫ਼ਾਰ ਵੂਮੈਨ ਡਾ. ਰਾਜੂਲਬੇਨ ਐੱਲ. ਦੇਸਾਈ ਨੇ ਸਥਾਨਕ ਮੀਟਿੰਗ ਹਾਲ ਵਿਖੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਔਰਤਾਂ/ਲੜਕੀਆਂ ਦੀ ਭਲਾਈ ਲਈ ਚਲਾਈਆਂ ਵੱਖ-ਵੱਖ ਸਕੀਮਾਂ ਤਹਿਤ ਸਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜਾ ਲੈਣ ਲਈ ਬੁਲਾਈ ਗਈ ਵਿਸੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਸੀਨੀਅਰ ਕਪਤਾਨ ਪੁਲਿਸ ਸ੍ਰੀ ਅਮਰਜੀਤ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਾ. ਰਾਜੂਲਬੇਨ ਐੱਲ. ਦੇਸਾਈ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਪਾਸੋ ਉਨ੍ਹਾਂ ਦੀਆਂ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਮੂਹ ਵਿਭਾਗੀ ਅਫ਼ਸਰਾਂ ਨੂੰ ਸਖੀ ਵਨ ਸਟਾਪ ਸੈਂਟਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੀਆਂ ਲੜਕੀਆਂ/ਔਰਤਾਂ ਨਾਲ ਘਰ, ਬਾਹਰ ਜਾਂ ਕੰਮ ਵਾਲੀ ਥਾਂ ‘ਤੇ ਕੋਈ ਅੱਤਿਆਚਾਰ ਹੁੰਦਾ ਹੈ, ਉਨ੍ਹਾਂ ਨੂੰ ਇੱਕ ਹੀ ਛੱਤ ਥੱਲੇ ਮੈਡੀਕਲ, ਪੁਲਿਸ ਸੁਰੱਖਿਆ, ਕਾਨੂੰਨੀ ਸਹਾਇਤਾ ਆਦਿ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਉਨਾ ਕਿਹਾ ਇਸ ਸਖੀ ਵਨ ਸਟਾਪ ਸੈਂਟਰ ਵਿੱਚ ਇਨ੍ਹਾਂ ਔਰਤਾਂ ਨੂੰ ਸਰਕਾਰ ਵੱਲੋ ਪੰਜ ਦਿਨ ਤੱਕ ਰਹਿਣ, ਖਾਣ ਪੀਣ ਦਾ ਖਰਚਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਖੀ ਵਨ ਸੈਂਟਰ ਸਬੰਧੀ ਸਕੂਲਾਂ, ਕਾਲਜਾਂ ਦੀਆਂ ਵਿਦਿਆਰਥਣਾਂ ਨੂੰ ਵੱਧ ਤੋ ਵੱਧ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਲੜਕੀ ਨਾਲ ਬਲਾਤਕਾਰ ਜਾਂ ਘਰੇਲੂ ਹਿੰਸਾ ਵਾਪਰਦੀ ਹੈ ਤਾਂ ਉਹ ਸਖੀ ਵਨ ਸਟਾਪ ਸੈਂਟਰ ਦਾ ਸਹਾਰਾ ਲੈ ਸਕਦੀ ਹੈ, ਜਿੱਥੇ ਉਸ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਹੈ ਕਿ ਸਰਕਾਰ ਵੱਲੋਂ ਲੜਕੀਆਂ ਦੇ ਹੱਕਾਂ ਲਈ ਚਲਾਈਆਂ ਸਕੀਮਾਂ ਸਖੀ ਵਨ ਸਟਾਪ ਸੈਂਟਰ, ਪੋਸ਼ਣ ਅਭਿਆਨ, ਜਨਨੀ ਸ਼ਿਸ਼ੂ ਸੁਰੱਖਿਆ, ਜੇ.ਐੱਸ.ਵਾਈ ਅਤੇ ਬੇਬੇ ਨਾਨਕੀ ਲਾਡਲੀ ਸਕੀਮ, ਬੇਟੀ ਬਚਾਓ ਬੇਟੀ ਪੜਾਓ ਆਦਿ ਦਾ ਲੜਕੀਆਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਰਕਾਰ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ ਸਖੀ ਵਨ ਸਟਾਪ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਲੋੜਵੰਦ ਔਰਤਾਂ ਨੂੰ ਰਹਿਣ ਸਹਿਣ, ਖਾਣ ਪੀਣ ਅਤੇ ਸੁਰੱਖਿਆ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਸੀਨੀਅਰ ਕਪਤਾਨ ਪੁਲਿਸ ਸ੍ਰੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਅੰਦਰ ਮੋਗਾ ਤੇ ਬਾਘਾਪੁਰਾਣਾ ਵਿਖੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਵੋਮੈਨ ਸੈੱਲ ਸਥਾਪਿਤ ਕੀਤੇ ਗਏ ਹਨ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਗੁਰਚਰਨ ਸਿੰਘ ਨੇ ਡਾ. ਰਾਜੂਲਬੇਨ ਐੱਲ. ਦੇਸਾਈ ਨੂੰ ਮਾਈ ਭਾਗੋ ਵਿੱਦਿਆ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਕੀਮ ਤਹਿਤ ਸਰਕਾਰੀ ਸਕੂਲ ਦੀਆਂ ਗਿਆਰਵੀਂਂ ਤੇ ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਬੇਟੀ ਬਚਾਓ ਬੇਟੀ ਪੜਾਓ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਖੀ ਵਨ ਸੈਟਰ, ਪੋਸ਼ਣ ਅਭਿਆਨ ਅਤੇ ਆਂਗਣਵਾੜੀ ਕੇਦਰਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋ ਇਲਾਵਾ ਮੁਫ਼ਤ ਕਾਨੂੰਨੀ ਸਹਾਇਤਾ ਤੋ ਐਡਵੋਕੇਟ ਰਜੇਸ਼ ਸ਼ਰਮਾ, ਜ਼ਿਲ੍ਹਾ ਉਦਯੋਗ ਅਫ਼ਸਰ ਗੁਰਚਰਨ ਸਿੰਘ ਦਿਉਲ, ਜ਼ਿਲ੍ਹਾ ਭਲਾਈ ਅਫ਼ਸਰ ਹਰਪਾਲ ਸਿੰਘ ਗਿੱਲ, ਜਿਲਾ ਫੂਡ ਸਪਲਾਈ ਅਫ਼ਸਰ ਮਨਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਅਰਵਿੰਦਰਪਾਲ ਸਿੰਘ ਗਿੱਲ ਅਤੇ ਜ਼ਿਲ੍ਹਾ ਪਰਵਾਰ ਭਲਾਈ ਅਫਸਰ ਰੁਪਿੰਦਰ ਕੌਰ ਨੇ ਵੀ ਔਰਤਾਂ ਲਈ ਆਪਣੇ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਜਿਕਰਯੋਗ ਹੈ ਕਿ ਬਾਅਦ ਵਿੱਚ ਡਾ. ਰਾਜੂਲਬੇਨ ਐੱਲ. ਦੇਸਾਈ ਨੇ ਸਿਵਲ ਹਸਪਤਾਲ ਮੋਗਾ ਅਤੇ ਸਖੀ ਵਨ ਸਟਾਪ ਸੈਟਰ ਦਾ ਵੀ ਦੌਰਾ ਕੀਤਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਐਸ.ਡੀ.ਐਮ. ਮੋਗਾ ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਰਾਮ ਸਿੰਘ, ਐਸ.ਡੀ.ਐਮ. ਬਾਘਾਪੁਰਾਣਾ ਸਵਰਨਜੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਅਤੇ ਹਸਨਇੰਦਰਜੀਤ ਸਿੰਘ ਪੰਧੇਰ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ।