• Sat. Nov 23rd, 2024

ਸ਼ਹੀਦ ਕੁਲਵੰਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਚੜਿੱਕ ਵਿਖੇ ਹੋਇਆ ਅੰਤਿਮ ਸਸਕਾਰ

ByJagraj Gill

Apr 22, 2023

ਵਿਧਾਇਕ, ਡਿਪਟੀ ਕਮਿਸ਼ਨਰ, ਐਸ.ਐਸ.ਪੀ. ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

-ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ-ਵਿਧਾਇਕ ਅਮਨਦੀਪ ਅਰੋੜਾ

ਮੋਗਾ, 22 ਅਪ੍ਰੈਲ /ਜਗਰਾਜ ਸਿੰਘ ਗਿੱਲ/ 

ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦੇ ਵਸਨੀਕ ਲਾਂਸ ਨਾਇਕ ਸ੍ਰ. ਕੁਲਵੰਤ ਸਿੰਘ ਜੋ ਕਿ 4 ਸਿੱਖਲਾਈਟ ਇੰਫੈਂਟਰੀ ਵਿੱਚ ਸੀ, ਪਿਛਲੇ ਦਿਨੀਂ ਪੁਣਛ ਵਿੱਚ ਫੌਜੀ ਟਰੱਕ ਉੱਤੇ ਅੱਤਵਾਦੀ ਹਮਲੇ ਕਾਰਣ ਸ਼ਹੀਦ ਹੋ ਗਏ ਸਨ, ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਚੜਿੱਕ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ, ਪੁਲਿਸ, ਭਾਰਤੀ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਸਿਆਸੀ ਆਗੂਆਂ ਤੇ ਹੋਰ ਪਤਵੰਤਿਆਂ ਨੇ ਸ਼ਹੀਦ ਕੁਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਅੰਤਿਮ ਵਿਦਾਇਗੀ ਦਿੱਤੀ।

ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਤਰਫੋਂ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ. ਇਲਨਚੇਲੀਅਨ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਹੀਦ ਦੀ ਮ੍ਰਿਤਕ ਦੇਹ `ਤੇ ਰੀਥਾਂ ਰੱਖ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਸ਼ਾਮਲ ਹੋਏ ਲੋਕਾਂ ਨੇ `ਸ਼ਹੀਦ ਕੁਲਵੰਤ ਸਿੰਘ ਅਮਰ ਰਹੇ` ਦੇ ਨਾਅਰੇ ਲਗਾਏ।

ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਦੇਸ਼ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਸ਼ਹਾਦਤ ਦੇਣ ਵਾਲੇ ਜਵਾਨਾਂ `ਤੇ ਦੇਸ਼ ਵਾਸੀਆਂ ਨੂੰ ਹਮੇਸ਼ਾਂ ਮਾਣ ਰਹੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸ਼ਹੀਦ ਦੇ ਮਾਤਾ ਹਰਜਿੰਦਰ ਕੌਰ ਪਤਨੀ ਹਰਦੀਪ ਕੌਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਐਕਸ ਗ੍ਰੇਸ਼ੀਆ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਫੌਜ਼ ਦੀ ਟੁਕੜੀ ਵੱਲੋਂ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਗਾਰਡ ਆਫ਼ ਆਨਰ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਵੀ ਸ਼ਹੀਦ ਕੁਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜ੍ਹਾ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਦੀ ਹਰ ਵੇਲੇ ਤਤਪਰ ਹੈ। ਉਨ੍ਹਾਂ ਕੁਲਵੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਕੁਲਵੰਤ ਸਿੰਘ 49 ਆਰ.ਆਰ. ਬਟਾਲੀਅਨ ਵਿੱਚ ਡਿਊਟੀ ਉੱਪਰ ਤਾਇਨਾਤ ਸਨ ਅਤੇ ਮਿਤੀ 20 ਅਪ੍ਰੈਲ, 2023 ਨੂੰ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋ ਗਏੇ। ਉਹ ਆਪਣੇ ਪਿੱਛੇ ਪਤਨੀ ਹਰਦੀਪ ਕੌਰ (25 ਸਾਲ), 3 ਮਹੀਨਿਆਂ ਦਾ ਲੜਕਾ ਫਤਹਿਵੀਰ ਸਿੰਘ ਅਤੇ ਇੱਕ ਡੇਢ ਸਾਲਾ ਲੜਕੀ ਨੂੰ ਛੱਡ ਗਏ ਹਨ। ਸ੍ਰ. ਕੁਲਵੰਤ ਸਿੰਘ ਦੇ ਪਿਤਾ ਸ੍ਰ. ਬਲਦੇਵ ਸਿੰਘ ਵੀ ਫੌਜ਼ ਵਿੱਚ 1990-91 ਦੇ ਆਸ ਪਾਸ ਸ਼ਹੀਦ ਹੋ ਗਏ ਸਨ ਜੋ ਕਿ ਉਸ ਸਮੇਂ ਸੁਨਾਮ ਜਿ਼ਲ੍ਹਾ ਸੰਗਰੂਰ ਵਿੱਚ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *