ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ “ਸੰਭਵ” ਪਹਿਲਕਦਮੀ ਲਿਆਈ ਰੰਗ, ਟ੍ਰੇਨਿੰਗ ਬਦੌਲਤ 852 ਬੱਚਿਆਂ ਨੇ ਪਾਸ ਕੀਤੀ ਅਗਨੀਵੀਰ ਦੀ ਲਿਖਤੀ ਪ੍ਰੀਖਿਆ
ਪ੍ਰਸ਼ਾਸ਼ਨ ਉਮੀਦਵਾਰਾਂ ਨੂੰ ਹੁਣ ਸਰੀਰਿਕ ਟੈਸਟ ਦੀ ਵੀ ਦਿਵਾਏਗਾ ਮਾਹਿਰ ਟ੍ਰੇਨਰਾਂ ਤੋਂ ਮੁਫਤ ਸਿਖਲਾਈ
ਮੋਗਾ 19 ਅਗਸਤ ਜਗਰਾਜ ਸਿੰਘ ਗਿੱਲ
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ “ਸੰਭਵ” ਪਹਿਲਕਦਮੀ ਰੰਗ ਲਿਆਈ, ਕਿਉਂਕ ਪ੍ਰਸ਼ਾਸ਼ਨ ਵੱਲੋਂ ਦਿਵਾਈ ਗਈ ਟ੍ਰੇਨਿੰਗ ਸਦਕਾ ਇਸ ਵਾਰ 1308 ਰਜਿਸਟਰਡ ਉਮੀਦਵਾਰਾਂ ਵਿੱਚੋਂ 852 ਬੱਚਿਆਂ ਨੇ ਅਗਨੀਵੀਰ ਪ੍ਰੀਖਿਆ ਦਾ ਲਿਖਤੀ ਟੈਸਟ ਪਾਸ ਕਰ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਗਨੀਵੀਰ ਪ੍ਰੀਖਿਆ ਦਾ ਲਿਖਤੀ ਟੈਸਟ ਵੱਧ ਤੋਂ ਵੱਧ ਬੱਚਿਆਂ ਨੂੰ ਪਾਸ ਕਰਵਾਉਣ ਲਈ ਚਾਰ ਕੋਚਿੰਗ ਸੈਂਟਰਾਂ ਵਿੱਚ ਮੁਫਤ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਸੀ। ਇਹ ਚਾਰ ਕੋਚਿੰਗ ਸੈਂਟਰ ਤਹਿਸੀਲ ਮੋਗਾ ਦੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ, ਤਹਿਸੀਲ ਧਰਮਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ, ਤਹਿਸੀਲ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਅਤੇ ਬਾਘਾਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ ਵਿਖੇ ਬਣਾਏ ਗਏ ਸਨ।
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਅਗਨੀਵੀਰ ਦੀ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਏ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਰੀਰਿਕ ਪ੍ਰੀਖਿਆ ਪਾਸ ਕਰਨ ਲਈ ਅੱਗੇ ਵੀ ਮਿਹਨਤ ਜਾਰੀ ਰੱਖਣ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਇਹਨਾਂ ਵੱਖ ਵੱਖ ਸੈਂਟਰਾਂ ਵਿੱਚ ਲਿਖਤੀ ਪ੍ਰੀਖਿਆ ਵਾਂਗ ਸਰੀਰਿਕ ਟੈਸਟ ਦੀ ਵੀ ਮੁਫਤ ਕੋਚਿੰਗ ਮੁਹੱਈਆ ਕਰਵਾਏਗਾ। ਸਰੀਰਿਕ ਟੈਸਟ ਦੀ ਮੁਫਤ ਕੋਚਿੰਗ 01 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸਦਾ ਲਾਹਾ ਲੈਣ ਲਈ ਉਮੀਦਵਾਰ ਜ਼ਿਲ੍ਹਾ ਰੋਜਗਾਰ ਦਫਤਰ ਮੋਗਾ ਨਾਲ ਰਾਬਤਾ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਜ਼ਿਲ੍ਹੇ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਰੋਜਗਾਰ ਦਿਵਾਉਣ ਲਈ ਯਤਨਸ਼ੀਨ ਹੈ ਅਤੇ ਉਹਨਾਂ ਦੀ ਹਰੇਕ ਤਰੀਕੇ ਨਾਲ ਮੱਦਦ ਕਰਨ ਲਈ ਹਮੇਸ਼ਾ ਤਤਪਰ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸੰਭਵ ਪਹਿਲਕਦਮੀ ਤਹਿਤ ਵਿਸ਼ੇਸ਼ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ ਕਿਉਂਕਿ ਇਹ ਪਹਿਲਕਦਮੀ ਬੇਰੋਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਮੀਲ ਪੱਥਰ ਸਾਬਿਤ ਹੋ ਰਹੀ ਹੈ।
ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਵੱਲੋਂ ਇਹਨਾਂ ਚਾਰੋਂ ਸੈਂਟਰਾਂ ਦੇ ਟ੍ਰੇਨਰਾਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ ਸੀ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ, ਜਿਲਾ ਸਿੱਖਿਆ ਦਫਤਰ ਮੋਗਾ ਅਤੇ ਜ਼ਿਲ੍ਹਾ ਖੇਡ ਦਫਤਰ ਮੋਗਾ ਦਾ ਵੀ ਇਸ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਹੈ।