ਵੋਟਰ ਸੂਚੀ ਦੀ ਸੁਧਾਈ ਦਾ ਕੰਮ ਸ਼ੁਰੂ, ਮੁੱਢਲੀ ਪ੍ਰਕਾਸ਼ਨਾ 9 ਨਵੰਬਰ ਨੂੰ -ਜਿ਼ਲ੍ਹਾ ਚੋਣ ਅਫ਼ਸਰ

9 ਨਵੰਬਰ ਤੋਂ 8 ਦਸੰਬਰ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ, ਨਿਪਟਾਰਾ 26 ਦਸੰਬਰ ਨੂੰ ਹੋਵੇਗਾ

ਮੋਗਾ, 19 ਸਤੰਬਰ

 (ਜਗਰਾਜ ਸਿੰਘ ਗਿੱਲ, ਮਨਪ੍ਰੀਤ ਸਿੰਘ ਬਾਦਲ)

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 9 ਨਵੰਬਰ, 2022 ਨੂੰ ਕੀਤੀ ਜਾਵੇਗੀ। 9 ਨਵੰਬਰ ਤੋਂ 8 ਦਸੰਬਰ, 2022 ਤੱਕ ਦਾਅਵੇ ਅਤੇ ਇਤਰਾਜ (ਫਾਰਮ 6,7,8, 8ੳ) ਪ੍ਰਾਪਤ ਕੀਤੇ ਜਾਣਗੇ। ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 26 ਦਸੰਬਰ 2022 ਨੂੰ ਕੀਤਾ ਜਾਵੇਗਾ। ਡਾਟਾਬੇਸ ਦੀ ਅਪਡੇਸ਼ਨ, ਫੋਟੋਆਂ ਡਾਟਾਬੇਸ ਵਿੱਚ ਸ਼ਾਮਿਲ ਕਰਨੀਆਂ, ਕੰਟਰੋਲ ਟੇਬਲ ਅਪਡੇਟ ਕਰਨਾ, ਅਨੁਪੂਰਕ ਸੂਚੀਆਂ ਦੀ ਤਿਆਰੀ ਅਤੇ ਛਪਾਈ ਦਾ ਕੰਮ 3 ਜਨਵਰੀ, 2023 ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 5 ਜਨਵਰੀ, 2023 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋ ਜਾਵੇਗੀ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਰੱਖੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਹੁਣ ਸਾਲ ਵਿੱਚ ਚਾਰ ਵਾਰ ਵੋਟ ਬਣਾ ਸਕਣਗੇ। ਨਵੇਂ ਵੋਟਰ ਬਣਨ ਦੀ ਯੋਗਤਾ ਰੱਖਣ ਵਾਲੇ ਲੜਕੇ ਅਤੇ ਲੜਕੀਆਂ ਸਾਲ ਵਿੱਚ ਚਾਰ ਵਾਰ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਤੋਂ ਜਿੰਨ੍ਹਾਂ ਦੀ ਉਮਰ 18 ਸਾਲ ਹੈ ਜਾਂ ਵੱਧ ਹੈ ਅਤੇ ਵੋਟ ਨਹੀਂ ਬਣੀ ਹੈ, ਆਪੋ ਆਪਣੀ ਵੋਟ ਬਣਾ ਸਕਣਗੇ। ਪਹਿਲਾਂ ਇਹ ਮੌਕਾ 1 ਜਨਵਰੀ ਨੂੰ 18 ਸਾਲ ਹੋਣ `ਤੇ ਹੀ ਲੜਕੇ-ਲੜਕੀਆਂ ਨੂੰ ਵੋਟਰ ਫਾਰਮ ਭਰਨ ਦੀ ਇਜ਼ਾਜ਼ਤ ਮਿਲਦੀ ਸੀ, ਪ੍ਰੰਤੂ ਇਸ ਪ੍ਰੋਗਰਾਮ ਤਹਿਤ 17 ਸਾਲ ਉਮਰ ਪੂਰੀ ਕਰ ਚੁੱਕੇ ਲੜਕੇ-ਲੜਕੀਆਂ ਵੋਟ ਲਈ ਅਪਲਾਈ ਕਰ ਸਕਦੇ ਹਨ।

ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁਸਤੀ ਕਰਨ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਫਾਰਮ ਨੰਬਰ 8 ਏ ਜੋ ਕਿ ਇੱਕ ਵਿਧਾਨ ਸਭਾ ਹਲਕੇ ਵਿੱਚ ਇੱਕ ਬੂਥ ਤੋਂ ਦੂਸਰੇ ਬੂਥ ਵਿੱਚ ਵੋਟ ਤਬਦੀਲ ਕਰਨ ਲਈ ਵਰਤਿਆ ਜਾਂਦਾ ਸੀ, ਖਤਮ ਕਰਕੇ ਹੁਣ ਫਾਰਮ ਨੰਬਰ 8 ਨਾਲ ਹੀ ਜੋੜ ਦਿੱਤਾ ਗਿਆ ਹੈ। ਇਸ ਲਈ ਕਿਸੇ ਵੀ ਤਰਾਂ ਦੀ ਤਬਦੀਲੀ ਲਈ ਵੀ ਫਾਰਮ ਨੰਬਰ 8 ਹੀ ਭਰਿਆ ਜਾਵੇਗਾ।

ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿੱਚ ਆਪਣਾ ਨਿੱਜੀ ਯੋਗਦਾਨ ਪਾਉਣ।

Leave a Reply

Your email address will not be published. Required fields are marked *