ਅੰਗਹੀਣਤਾ ਦੀ ਸ਼ਨਾਖਤ ਕਰਕੇ ਸਪੈਸ਼ਲ ਯੰਤਰ ਕਰਵਾਏ ਜਾਣਗੇ ਮੁਹੱਈਆ-ਡਿਪਟੀ ਕਮਿਸ਼ਨਰ
ਮੋਗਾ, 15 ਸਤੰਬਰ (ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਚੰਡੀਗੜ੍ਹ ਅਤੇ ਅਲਿਮਕੋ ਦੇ ਤਾਲਮੇਲ ਨਾਲ ਜ਼ਿਲ੍ਹਾ ਮੋਗਾ ਦੇ ਵਿਸ਼ੇਸ਼ ਜਰੂਰਤਾਂ ਵਾਲੇ ਪਹਿਲੀ ਤੋਂ ਬਾਰਵ੍ਹੀਂ ਜਮਾਤ ਦੇ (ਆਈ.ਈ.ਡੀ.ਐਸ.ਐਸ.) ਬੱਚਿਆਂ ਦੀ ਸ਼ਨਾਖਤ ਲਈ ਮੋਗਾ ਜ਼ਿਲ੍ਹੇ ਵਿੱਚ 3 ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਵਿਸ਼ੇਸ਼ ਲੋੜ ਵਾਲੇ ਉਨ੍ਹਾਂ ਬੱਚਿਆਂ ਦੀ ਸਨਾਖਤ ਕਰਨਗੀਆਂ ਜਿੰਨ੍ਹਾਂ ਨੂੰ ਉਨ੍ਹਾਂ ਦੀ ਅੰਗਹੀਣਤਾ ਦੇ ਆਧਾਰ ਤੇ ਉਨ੍ਹਾਂ ਸਪੈਸ਼ਲ ਯੰਤਰਾਂ ਦੀ ਲੋੜ ਪੈਂਦੀ ਹੈ,ਜਿੰਨ੍ਹਾਂ ਦੀ ਵਰਤੋਂ ਕਰਕੇ ਉਹ ਆਪਣੀ ਰੋਜ਼ਮਰ੍ਹਾ ਦੀ ਜਿੰਦਗੀ ਨੂੰ ਸੁਖਾਲੇ ਢੰਗ ਨਾਲ ਬਤੀਤ ਕਰ ਸਕਦੇ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਸਹੀ ਅਤੇ ਸੁਚੱਜੇ ਢੰਗ ਨਾਲ ਜਾਂਚ ਕਰਨ ਲਈ ਯੋਗ ਡਾਕਟਰਾਂ ਦੀਆਂ ਟੀਮਾਂ ਜਿਵੇਂ ਕਿ ਨੱਕ, ਕੰਨ ਅਤੇ ਗਲੇ ਦੇ ਮਾਹਿਰ ਡਾਕਟਰ, ਹੱਡੀਆਂ ਦੇ ਮਾਹਰ ਡਾਕਟਰ, ਜਰਨਰਲ ਫਿਜ਼ੀਸ਼ੀਅਨ ਡਾਕਟਰ ਇਨ੍ਹਾਂ ਕੈਂਪਾਂ ਵਿੱਚ ਮੌਜੂਦ ਰਹਿਣਗੀਆਂ।ਇਨ੍ਹਾਂ ਕੈਂਪਾਂ ਜਰੀਏ ਦਿਵਿਆਂਗ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅੰਗਹੀਣਤਾ ਦੇ ਆਧਾਰ ਤੇ ਵਿਸ਼ੇਸ਼ ਯੰਤਰ ਮੁਫ਼ਤ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਕੈਂਪ 18 ਸਤੰਬਰ, 2021 ਨੂੰ ਬਲਾਕ ਧਰਮਕੋਟ 1, 2 ਲਈ ਸਰਕਾਰੀ ਹਾਈ ਸਕੂਲ ਕੋਟ ਈਸੇ ਖਾਂ ਵਿਖੇ, 20 ਸਤੰਬਰ, 2021 ਨੂੰ ਬਲਾਕ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਲਈ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲ ਸਿੰਘ ਵਾਲਾ ਨੇੜੇ ਬੱਸ ਸਟੈਂਡ ਵਿਖੇ, 21 ਸਤੰਬਰ, 2021 ਨੂੰ ਬਲਾਕ ਮੋਗਾ 1,2 ਲਈ ਪਿੰਡ ਦੁਨੇਕੇ ਫਿਰੋਜ਼ਪੁਰ ਰੋਡ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਯੋਜਿਤ ਕੀਤੇ ਜਾ ਰਹੇ ਹਨ।
ਇਨ੍ਹਾਂ ਕੈਂਪਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਬਲਾਕਾਂ ਲਈ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਬਲਾਕ ਧਰਮਕੋਟ ਦੇ ਨੋਡਲ ਅਫ਼ਸਰ ਕੰਚਨ ਬਾਲਾ ਦੇ ਮੋਬਾਇਲ ਨੰਬਰ 95925-13596, ਬਲਾਕ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਦੇ ਨੋਡਲ ਅਫ਼ਸਰ ਦੇਵੀ ਪ੍ਰਸਾਦ ਮੋਬਾਇਲ ਨੰਬਰ 94640-06130 ਅਤੇ ਬਲਾਕ ਮੋਗਾ 1,2 ਦੇ ਨੋਡਲ ਅਫ਼ਸਰ ਵਰਿੰਦਰ ਕੌਰ ਦੇ ਮੋਬਾਇਲ ਨੰਬਰ 80542-49053 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਦੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਨੂੰ ਯਕੀਨੀ ਬਣਾਉਣ।