ਜੇਤੂ ਵਿਦਿਆਰਥੀ ਹੁਣ ਰਾਸ਼ਟਰੀ ਪੱਧਰ ‘ਤੇ ਦਿਖਾਉਣਗੇ ਆਪਣਾ ਹੁਨਰ
-ਮੁਕਾਬਲਿਆਂ ਜਰੀਏ ਵਿਦਿਆਰਥੀ ਨੂੰ ਹੁਨਰ ਦੀ ਮਹੱਤਤਾ ਦਾ ਲੱਗ ਰਿਹੈ ਪਤਾ-ਵਧੀਕ ਡਿਪਟੀ ਕਮਿਸ਼ਨਰ
ਮੋਗਾ, 6 ਅਗਸਤ /ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ/
ਵਿਸ਼ਵ ਹੁਨਰ ਵਿਕਾਸ ਮੁਕਾਬਲੇ ਜਿਹੜੇ ਕਿ ਸਾਲ 2022 ਵਿੱਚ ਸਿੰਘਈ (ਚੀਨ) ਵਿਖੇ ਹੋਣ ਜਾ ਰਹੇ ਹਨ ਦੇ ਹੇਠਲੇ ਸਤਰ ਦੇ ਮੁਕਾਬਲੇ ਜਾਰੀ ਹਨ ਜਿੰਨ੍ਹਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਹੁਨਰਮੰਦ ਬੱਚੇ ਆਪਣਾ ਹੁਨਰ ਦਿਖਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸ਼ਨਾਂ ਜਰੀਏ ਹੁਨਰਮੰਦ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣਾ ਹੁਨਰ ਵਿਖਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੇਰੋਜ਼ਗਾਰੀ ਦਾ ਕਾਰਣ ਕਿਤੇ ਨਾ ਕਿਤੇ ਬੱਚਿਆਂ ਦਾ ਆਪਣੇ ਹੁਨਰ ਨੂੰ ਨਾ ਪਛਾਨਣਾ ਜਾਂ ਇਸ ਹੁਨਰ ਨੂੰ ਸਹੀ ਤਰੀਕੇ ਨਾਲ ਨਾ ਵਰਤਣਾ ਵੀ ਹੈ। ਬੱਚਿਆਂ ਨੂੰ ਵੱਖ ਵੱਖ ਸਕਿੱਲ ਟ੍ਰੇਨਿੰਗਾਂ ਦੇਣ ਲਈ ਵੀ ਪੰਜਾਬ ਸਰਕਾਰ ਹਰ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਬੱਚਾ ਆਪਣੇ ਹੁਨਰ ਜਰੀਏ ਹੀ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ ਅਤੇ ਉਸਨੂੰ ਰੋਜ਼ਗਾਰ ਲੈਣ ਲਈ ਯਤਨ ਨਾ ਕਰਨੇ ਪੈਣ ਸਗੋਂ ਉਹ ਹੋਰਨਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਜਰੀਏ ਵਿਦਿਆਰਥੀਆਂ ਨੂੰ ਇਹ ਵੀ ਪਤਾ ਲੱਗੇਗਾ ਕਿ ਹੁਨਰ ਦੀ ਕੀ ਮਹੱਤਤਾ ਹੈ।
ਉਨ੍ਹਾਂ ਦੱਸਿਆ ਕਿ ਵਿਸ਼ਵ ਹੁਨਰ ਵਿਕਾਸ ਮੁਕਾਬਲੇ ਦੇ ਦੂਜੇ ਪੜਾਅ ਤਹਿਤ ਰਾਜ ਪੱਧਰੀ ਮੁਕਾਬਲੇ ਆਈ.ਐਸ.ਐਫ. ਕਾਲਜ ਮੋਗਾ ਅਤੇ ਲਾਲਾ ਲਾਜਪਤ ਰਾਏ ਕਾਲਜ ਅਜੀਤਵਾਲ ਵਿਖੇ ਆਯੋਜਿਤ ਕੀਤੇ ਗਏ। ਆਈ.ਐਸ.ਐਫ. ਕਾਲਜ ਵਿਖੇ ਹੈਲਥ ਕੇਅਰ ਮੁਕਾਬਲਿਆਂ ਦੌਰਾਨ ਰਾਮ ਕੁਮਾਰ ਪਹਿਲੇ, ਇੰਦੂ ਪਾਸੀ ਦੂਜੇ ਅਤੇ ਦਰਸ਼ਨ ਸਿੰਘ ਤੀਜੇ ਨੰਬਰ ਤੇ ਰਹੇ। ਇਸ ਤੋਂ ਇਲਾਵਾ ਲਾਲਾ ਲਾਜਪਤ ਰਾਏ ਕਾਲਜ ਵਿਖੇ ਹੋਏ ਇਲੈਕਟ੍ਰੀਕਲ ਹੁਨਰ ਦੇ ਮੁਕਾਬਲੇ ਵਿੱਚ ਜਗਤਾਰ ਸਿੰਘ ਪਹਿਲੇ, ਗੁਰਵਿੰਦਰ ਸਿੰਘ ਦੂਜੇ ਅਤੇ ਰਘਵੀਰ ਸਿੰਘ ਤੀਜੇ ਸਥਾਨ ਤੇ ਰਹੇ। ਉਨ੍ਹਾਂ ਦੱਸਿਆ ਕਿ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਜੇਤੂ ਵਿਦਿਆਰਥੀਆਂ ਵਿੱਚ 4 ਬੱਚੇ ਰਾਮ ਕੁਮਾਰ, ਇੰਦੂ ਪਾਸੀ, ਜਗਤਾਰ ਸਿੰਘ, ਹਰਵੀਰ ਸਿੰਘ ਜ਼ਿਲ੍ਹਾ ਮੋਗਾ ਦੇ ਹਨ।
ਉਨ੍ਹਾਂ ਦੱਸਿਆ ਕਿ ਆਈ.ਐਸ.ਐਫ. ਕਾਲਜ ਦੇ ਮੁਕਾਬਲਿਆਂ ਵਿੱਚ ਡਾ. ਮਲਿਕ ਅਰੋੜਾ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਫਰੀਦਕੋਟ ਤੋਂ, ਡਾ. ਸਿਧਾਰਥ ਮਹਿਨ, ਆਈ.ਐਸ.ਐਫ. ਕਾਲਜ ਤੋਂ, ਡਾ. ਅਸਮੀਨ ਡਰੱਗ ਸੇਫ਼ਟੀ ਐਸੋਸੀਏਸ਼ਨ ਤੋਂ ਜਿਊਰੀ ਮੈਂਬਰ ਵਜੋਂ ਹਾਜ਼ਰ ਸਨ। ਅਜੀਤਵਾਲ ਕਾਲਜ ਦੇ ਮੁਕਾਬਲਿਆਂ ਵਿੱਚ ਉੱਤਮਪ੍ਰੀਤ ਸਿੰਘ, ਸੁਖਜੀਤ ਸਿੰਘ ਅਤੇ ਤੇਜਪ੍ਰੀਤ ਸਿੰਘ ਜਿਊਰੀ ਮੈਂਬਰ ਵਜੋਂ ਹਾਜ਼ਰ ਸਨ।
ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਟੀਮ ਮੈਂਬਰ ਪੁਸ਼ਰਾਜ ਜਾਜਰਾ, ਨਿਰਮਲ ਸਿੰਘ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਮਾਹਿਰਾਂ ਨੇ ਭਾਗ ਲਿਆ।