ਹਲਕਾਅ ਜਾਨਲੇਵਾ ਬੀਮਾਰੀ ਹੈ: ਤੇਜਿੰਦਰ ਸਿੰਘ ਜਸ਼ਨ
*ਰੇਬੀਜ਼ ਖਿਲਾਫ਼ ਸਰਕਾਰੀ ਹਸਪਤਾਲ ਵਿਚ ਟੀਕਾਕਰਨ ਮੁੱਫਤ ਕੀਤਾ ਜਾਂਦਾ ਹੈ :ਡਾ: ਇੰਦਰਬੀਰ ਗਿੱਲ
ਮੋਗਾ, 28 ਸਤੰਬਰ (ਜਗਰਾਜ ਸਿੰਘ ਗਿੱਲ): ਹਲਕਾਅ ਦੇ ਰੋਗ ਦੇ ਕਾਰਕ ਰੇਬੀਜ਼ ਖਿਲਾਫ਼ ਵੈਕਸੀਨੇਸ਼ਨ ਇਜਾਦ ਕਰਨ ਵਾਲੇ ਮਹਾਨ ਵਿਗਿਆਨੀ ਲੁਈ ਪਾਸਟਰ ਦੀ ਬਰਸੀ ਨੂੰ ਸਮਰਪਿਤ ਵਿਸ਼ਵਭਰ ਵਿਚ ਅੱਜ ‘ਐਂਟੀ ਰੇਬੀਜ਼ ਦਿਵਸ ’ ਮਨਾਇਆ ਗਿਆ ਜਿਸ ਦੌਰਾਨ ਆਮ ਲੋਕਾਂ ਨੂੰ ਰੇਬੀਜ਼ ਵਾਇਰਸ ਦੇ ਫੈਲਾਅ ਅਤੇ ਇਸ ਤੋਂ ਪੈਦਾ ਹੋਣ ਵਾਲੀ ਜਾਨਲੇਵਾ ਬੀਮਾਰੀ ਹਲਕਾਅ ਬਾਰੇ ਜਾਗਰੂਕ ਕੀਤਾ ਗਿਆ। ਮੋਗਾ ਦੇ ਸਿਵਲ ਸਰਜਨ ਡਾ: ਸਤਿੰਦਰਪਾਲ ਸਿੰਘ ਦੇ ਆਦੇਸ਼ਾਂ ’ਤੇ ਸਮੁੱਚੇੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਪੈਂਦੇ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਦੌਰਾਨ ਐੱਸ ਐੱਮ ਓ ਡਰੋਲੀ ਭਾਈ ਡਾ: ਇੰਦਰਬੀਰ ਗਿੱਲ ਦੀ ਦੇਖ ਰੇਖ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰਾਣਾ ਵਿਖੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਦੀ ਅਗਵਾਈ ਵਿਚ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਤੋਂ ਇਲਾਵਾ ਮਲਟੀਪਰਪਸ ਹੈਲਥ ਵਰਕਰ ਨਿਰਮਲਜੀਤ ਸਿੰਘ ਅਤੇ ਜੁਗਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਆਖਿਆ ਕਿ ਜਿਹਨਾਂ ਲੋਕਾਂ ਨੇ ਘਰਾਂ ‘ਚ ਕੁੱਤੇ ਬਿੱਲੀਆਂ ਜਾਂ ਹੋਰ ਜੰਗਲੀ ਜੀਵ ਪਾਲੇ ਹੋਏ ਹਨ ਉਹਨਾਂ ਜਾਨਵਰਾਂ ਦੀ ਅਗਾਉਂ ਵੈਕਸੀਨੇਸ਼ਨ ਕਰਵਾਉਣੀ ਬਹੁਤ ਜ਼ਰੂਰੀ ਹੈ ਪਰ ਇਸ ਦੇ ਬਾਵਜੂਦ ਇਹਨਾਂ ਜੀਵਾਂ ਦੀ ਲਾਰ ਤੋਂ ਜਾਂ ਫਿਰ ਅਵਾਰਾ ਪਸ਼ੂਆਂ ਜਿਹਨਾਂ ਵਿਚ ਅਵਾਰਾ ਕੁੱਤੇ , ਬਿੱਲੀਆਂ,ਗਾਂ ,ਬਾਂਦਰ , ਚਮਗਾਦੜ ਆਦਿ ਦੇ ਕਿਸੇ ਵਿਅਕਤੀ ਨੂੰ ਕੱਟ ਲੈਣ ’ਤੇ ਉਹਨਾਂ ਦੀ ਲਾਰ ਰਾਹੀਂ ਸਰੀਰ ‘ਚ ਪ੍ਰਵੇਸ਼ ਕਰਨ ਵਾਲੇ ਰੇਬੀਜ਼ ਜੀਵਾਣੂ ਤੋਂ ਬਚਾਅ ਦਾ ਇਕੋ ਇਕ ਤਰੀਕਾ ਇਹੀ ਹੈ ਕਿ ਕੱਟਣ ਤੋਂ ਤੁਰੰਤ ਬਾਅਦ ਹਲਕਾਅ ਦੀ ਘਾਤਕ ਅਤੇ ਜਾਨਲੇਵਾ ਬੀਮਾਰੀ ਤੋਂ ਬਚਾਅ ਵਾਸਤੇ ਐਂਟੀ ਰੇਬੀਜ਼ ਟੀਕੇ ਸਰਕਾਰੀ ਹਸਪਤਾਲ ਤੋਂ ਡਾਕਟਰ ਦੀ ਸਲਾਹ ਨਾਲ ਲਗਾਏ ਜਾਣੇ ਚਾਹੀਦੇ ਹਨ ।
ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਦੱਸਿਆ ਕਿ ਕਿਸੇ ਰੇਬੀਜ਼ ਸੰਕਰਮਿਤ ਜੀਵ ਦੇ ਕੱਟੇ ਜਾਣ ਤੋਂ ਬਾਅਦ ਕੁਝ ਲੋਕ ਡਾਕਟਰ ਕੋਲ ਜਾਣ ਦੀ ਬਜਾਏ ਟੂਣੇ ਟੱਪਣੇ ਨਾਲ ਇਲਾਜ ਕਰਵਾਉਣ ਦੀ ਕੋਸ਼ਿਸ ਕਰਦੇ ਹਨ ਜੋ ਕਿ ਘਾਤਕ ਸਾਬਿਤ ਹੋ ਸਕਦਾ ਹੈ ਇਸ ਲਈ ਕਿਸੇ ਜੀਵ ਦੇ ਕੱਟਣ ਤੋਂ ਤੁਰੰਤ ਬਾਅਦ ਜ਼ਖਮ ਨੂੰ ਘੱਟੋ ਘੱਟ ਅੱਧਾ ਘੰਟਾ ਸਾਬਣ ਨਾਲ ਧੋਂਦੇ ਰਹਿਣਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਡਾਕਟਰ ਕੋਲ ਜ਼ਰੂਰ ਦਿਖਾਉਣਾ ਚਾਹੀਦਾ ਹੈ ਤਾਂ ਕਿ ਰੇਬੀਜ਼ ਵਰਗੀ ਜਾਨ ਲੇਵਾ ਬੀਮਾਰੀ ਤੋਂ ਬਚਾਅ ਹੋ ਸਕੇ।
ਐੱਸ ਐੱਮ ਓ ਡਰੋਲੀ ਭਾਈ ਡਾ: ਇੰਦਰਬੀਰ ਗਿੱਲ ਨੇ ਦੱਸਿਆ ਕਿ ਹਲਕਾਅ ਦਾ ਇਲਾਜ ਕੋਈ ਨਹੀਂ ਹੈ ਇਸ ਕਰਕੇ ਕਿਸੇ ਵੀ ਹਲਕੇ ਪਸ਼ੂ ਵੱਲੋਂ ਕੱਟੇ ਜਾਣ ’ਤੇ ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਲਿਆਉਣਾ ਚਾਹੀਦਾ ਹੈ ਜਿਥੇ 0,3, 7, 14, 28 ਅਤੇ 90ਵੇਂ ਦਿਨ ਇਕ ਇਕ ਟੀਕਾ ਲਗਾਇਆ ਜਾਂਦਾ ਹੈ ਜਿਸ ਨਾਲ ਪ੍ਰਭਾਵਿਤ ਵਿਅਕਤੀ ਹਲਕਾਅ ਦੇ ਰੋਗ ਤੋਂ ਪੂਰੀ ਤਰਾਂ ਸੁਰੱਖਿਅਤ ਹੋ ਜਾਂਦਾ ਹੈ । ਉਹਨਾਂ ਦੱÎਸਆ ਕਿ ਇਹ ਟੀਕੇ ਸਰਕਾਰੀ ਹਸਪਤਾਲਾਂ ਵਿਚ ਬਿਲਕੁੱਲ ਮੁੱਫਤ ਲਗਾਏ ਜਾਂਦੇ ਹਨ ।